Monday, December 22, 2025

World

ਆਸਟ੍ਰੇਲੀਆ ਵਸਦੇ ਸਿੱਖਾਂ ਨੂੰ ਸਰਕਾਰ ਦਾ ਵੱਡਾ ਤੋਹਫਾ, ਵਿਕਟੋਰੀਆ ਸੂਬੇ ਦੀ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਲੇਕ' ਰੱਖਿਆ

November 09, 2024 06:19 PM

Baba Nanak Lake Australia: ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ 'ਚ ਬਰਵਿਕ ਸਪਰਿੰਗਜ਼ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਲੇਕ' ਰੱਖ ਦਿਤਾ ਹੈ।

ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਵਿਚ ਲੰਗਰ ਸਮਾਗਮਾਂ ਲਈ 6 ਲੱਖ ਡਾਲਰ ਵੀ ਰੱਖੇ ਗਏ ਹਨ। 

ਵਿਕਟੋਰੀਆ ਦੀ 91,000 ਸਿੱਖ ਆਬਾਦੀ ਦਾ ਜਸ਼ਨ ਮਨਾਉਣ ਲਈ ਸਿੱਖ ਭਾਈਚਾਰੇ ਦੇ ਨੇਤਾਵਾਂ ਅਤੇ ਸਥਾਨਕ ਰਵਾਇਤੀ ਮਾਲਕਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ। ਇਸ ਮੌਕੇ ਕਰਵਾਏ ਇਕ ਸਮਾਗਮ 'ਚ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿਟ ਨੇ ਵਿਕਟੋਰੀਆ ਦੇ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਦੀ ਮਹੱਤਤਾ 'ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, ''ਮੈਨੂੰ ਵਿਕਟੋਰੀਆ ਵਿਚ ਸਾਡੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇਕ ਇਤਿਹਾਸਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ।''

ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਇਕ ਵੰਨ-ਸੁਵੰਨੇ ਅਤੇ ਸਮਾਵੇਸ਼ੀ ਸੂਬੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਇਸ ਸੰਕੇਤ ਨੂੰ ਉਜਾਗਰ ਕਰਦਿਆਂ ਕਿਹਾ, ''ਇਹ ਨਾਮ ਬਦਲਣਾ ਇਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਵੰਨ-ਸੁਵੰਨਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ।''

Have something to say? Post your comment