Monday, December 22, 2025

World

ਪੁਤਿਨ ਦੇ ਅਧਿਆਤਮਕ ਗੁਰੂ ਦੀ ਧੀ ਦੀ ਬੰਬ ਧਮਾਕੇ 'ਚ ਹੱਤਿਆ

Vladimir Putin

August 23, 2022 09:12 AM

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦੁਸ਼ਮਣਾਂ ਨੇ ਅਲੈਗਜ਼ੈਂਡਰ ਡੁਗਿਨ 'ਤੇ ਹਮਲਾ ਕੀਤਾ, ਜੋ ਉਨ੍ਹਾਂ ਦੇ ਅਧਿਆਤਮਕ ਗੁਰੂ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ, ਅਲੈਗਜ਼ੈਂਡਰ ਇਸ ਹਮਲੇ ਵਿੱਚ ਵਾਲ-ਵਾਲ ਬਚ ਗਿਆ, ਪਰ ਉਸਦੀ ਧੀ ਡਾਰੀਆ ਡੁਗਿਨ ਹਮਲੇ ਦਾ ਸ਼ਿਕਾਰ ਹੋ ਗਈ। ਅਜੇ ਤੱਕ ਇਸ ਹਮਲੇ ਦੇ ਪਿੱਛੇ ਲੋਕਾਂ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਨਾਲ ਹੀ ਪੁਤਿਨ ਦੇ ਕਰੀਬੀ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਮਾਹਿਰ ਕਹਿ ਰਹੇ ਹਨ ਕਿ ਇਸ ਹਮਲੇ ਪਿੱਛੇ ਪੁਤਿਨ ਦੇ ਸਿਆਸੀ ਬਾਗੀ ਹਨ, ਜੋ ਉਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਹਨ।

ਇਸ ਨਾਲ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਹਮਲੇ ਪਿੱਛੇ ਕਿਸੇ ਦੁਸ਼ਮਣ ਦੇਸ਼ ਦੀ ਸਾਜ਼ਿਸ਼ ਹੋ ਸਕਦੀ ਹੈ। ਹਾਲਾਂਕਿ ਰੂਸੀ ਸੁਰੱਖਿਆ ਏਜੰਸੀਆਂ ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿਉਂਕਿ ਇਹ ਮਾਮਲਾ ਰਾਸ਼ਟਰਪਤੀ ਪੁਤਿਨ ਦੇ ਅਧਿਆਤਮਕ ਆਗੂ ਦੀ ਧੀ ਦੇ ਕਤਲ ਨਾਲ ਸਬੰਧਤ ਹੈ।

ਜ਼ਿਕਰਯੋਗ ਹੈ ਕਿ ਪੁਤਿਨ ਦੇ ਅਧਿਆਤਮਕ ਗੁਰੂ ਅਲੈਗਜ਼ੈਂਡਰ ਡੁਗਿਨ ਆਪਣੀ ਬੇਟੀ ਨਾਲ ਇਕ ਸਮਾਰੋਹ 'ਚ ਸ਼ਾਮਲ ਹੋਣ ਗਏ ਸਨ। ਹਮਲਾਵਰਾਂ ਨੇ ਅਲੈਗਜ਼ੈਂਡਰ ਨੂੰ ਮਾਰਨ ਲਈ ਉਸ ਦੀ ਕਾਰ ਦੇ ਹੇਠਾਂ ਵਿਸਫੋਟਕ ਲਾਇਆ ਪਰ ਉਸ ਨੇ ਆਖਰੀ ਸਮੇਂ 'ਤੇ ਆਪਣੀ ਕਾਰ ਬਦਲ ਲਈ।

ਜਿਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੀ ਬੇਟੀ ਨੇ ਕਾਰ ਸਟਾਰਟ ਕੀਤੀ ਤਾਂ ਜ਼ੋਰਦਾਰ ਧਮਾਕਾ ਹੋਇਆ, ਜਿਸ 'ਚ ਉਸ ਦੀ ਜਾਨ ਚਲੀ ਗਈ। ਇਸ ਹਮਲੇ ਨੇ ਪੂਰੇ ਰੂਸੀ ਸੁਰੱਖਿਆ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਮਲੇ ਨੂੰ ਲੈ ਕੇ ਰੂਸੀ ਮੀਡੀਆ 'ਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।

Have something to say? Post your comment