ਚੰਡੀਗੜ੍ਹ: ਪੰਜਾਬ ਪੁਲਿਸ ਨੇ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਅਹਿਮ ਪੇਸ਼ਕਦਮੀ ਕਰਦਿਆਂ ਪੱਛਮੀ ਬੰਗਾਲ ਦੇ ਹਾਵੜਾ ਤੋਂ ਦੋ ਸ਼ੂਟਰਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਡੀਜੀਪੀ ਅਨੁਸਾਰ, ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨ ਪਾਠਕ ਉਰਫ਼ ਕਰਨ ਡਿਫਾਲਟਰ (ਵਾਸੀ ਅੰਮ੍ਰਿਤਸਰ), ਤਰਨਦੀਪ ਸਿੰਘ (ਵਾਸੀ ਬਰ੍ਹੇਵਾਲ, ਲੁਧਿਆਣਾ) ਅਤੇ ਆਕਾਸ਼ਦੀਪ (ਵਾਸੀ ਉੱਪਲ, ਤਰਨ ਤਾਰਨ) ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀਆਂ Punjab Police ਦੀ AGTF ਟੀਮ ਵੱਲੋਂ ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ STF, ਕੇਂਦਰੀ ਏਜੰਸੀਆਂ ਅਤੇ ਸਥਾਨਕ ਹਾਵੜਾ ਪੁਲਿਸ ਦੇ ਸਹਿਯੋਗ ਨਾਲ ਕੀਤੀਆਂ ਗਈਆਂ।
ਜਾਂਚ ਮੁਤਾਬਕ, 15 ਦਸੰਬਰ 2025 ਨੂੰ ਸੋਹਾਣਾ (ਐਸਏਐਸ ਨਗਰ) ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਰਾਣਾ ਬਲਾਚੌਰੀਆ ਦੀ ਹੱਤਿਆ ਕਰ ਦਿੱਤੀ ਸੀ। ਹੁਣ ਤੱਕ ਇਸ ਕੇਸ ਵਿੱਚ ਕੁੱਲ ਪੰਜ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਦੋ ਹੋਰ ਮੁਲਜ਼ਮ—ਐਸ਼ਦੀਪ ਸਿੰਘ ਅਤੇ ਦਵਿੰਦਰ—ਫਰਾਰ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਰਨ ਪਾਠਕ ਅਤੇ ਤਰਨਦੀਪ ਸਿੰਘ ਮੁੱਖ ਸ਼ੂਟਰ ਹਨ, ਜਦਕਿ ਆਕਾਸ਼ਦੀਪ ਵਿਦੇਸ਼ੀ ਹੈਂਡਲਰ ਅਮਰ ਖਾਬੇ ਰਾਜਪੂਤਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸ ’ਤੇ ਸ਼ੂਟਰਾਂ ਨੂੰ ਪਨਾਹ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਗਲੀ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।
AGTF ਦੇ ਡੀਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ, ਡਿਜੀਟਲ ਟ੍ਰੇਲ ਅਤੇ ਵਾਹਨਾਂ ਦੀ ਪਛਾਣ ਰਾਹੀਂ ਮੁਲਜ਼ਮਾਂ ਦੇ ਭੱਜਣ ਦੇ ਰਸਤੇ ਨੂੰ ਟ੍ਰੇਸ ਕੀਤਾ ਗਿਆ। ਮੁਲਜ਼ਮ ਮੁੰਬਈ, ਬੰਗਲੌਰ, ਸਿਲੀਗੁੜੀ, ਸਿੱਕਮ ਅਤੇ ਕੋਲਕਾਤਾ ਰਾਹੀਂ ਫਰਾਰ ਹੋਏ ਸਨ, ਜਿਨ੍ਹਾਂ ਨੂੰ ਆਖਿਰਕਾਰ ਹਾਵੜਾ ਤੋਂ ਕਾਬੂ ਕੀਤਾ ਗਿਆ।
ਇਸ ਮਾਮਲੇ ਵਿੱਚ ਥਾਣਾ ਸੋਹਾਣਾ, ਐਸਏਐਸ ਨਗਰ ਵਿਖੇ FIR ਨੰਬਰ 312 ਮਿਤੀ 16 ਦਸੰਬਰ 2025 ਨੂੰ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਸੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।