ਦਮਿਸ਼ਕ/ਸੀਰੀਆ :
ਸੰਯੁਕਤ ਰਾਜ ਅਮਰੀਕਾ ਨੇ ਸੀਰੀਆ 'ਤੇ ਹਮਲਾ ਕਰ ਦਿੱਤਾ ਹੈ। ਪਰ ਇਹ ਹਮਲੇ ਸਿਰਫ਼ ਅੱਤਵਾਦੀ ਜੱਥੇਬੰਦੀ 'ਇਸਲਾਮਿਕ ਸਟੇਟ' ਦੇ ਸੰਭਾਵੀ ਗੁਪਤ ਟਿਕਾਣਿਆਂ 'ਤੇ ਹੀ ਕੀਤੇ ਗਏ ਹਨ। ਅਮਰੀਕੀ ਫੌਜ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ। ਚਸ਼ਮਦੀਦ ਗਵਾਹਾਂ ਅਨੁਸਾਰ ਅਮਰੀਕੀ ਫ਼ੌਜਾਂ ਨੇ ਅੱਤਵਾਦੀ ਟਿਕਾਣਿਆਂ ਉਤੇ ਭਾਰੀ ਬੰਬਾਰੀ ਕੀਤੀ ਹੈ।
ਅਮਰੀਕਾ ਅਤੇ ਇਸ ਦੀਆਂ ਭਾਈਵਾਲ ਜਾਰਡਨ ਅਤੇ ਸੀਰੀਆ ਦੀਆਂ ਫੌਜਾਂ ਨੇ 20 ਤੋਂ ਵੱਧ ਜਹਾਜ਼ਾਂ ਨਾਲ 35 ਤੋਂ ਵੱਧ ਟਿਕਾਣਿਆਂ 'ਤੇ ਬੰਬ ਸੁੱਟੇ ਹਨ। ਫ਼ੌਜੀ ਅਧਿਕਾਰੀ ਨੇ ਇਹ ਵੀ ਦੱਸਿਆ ਕਿ F-15Es, A-10s, AC-130Js, MQ-9s ਅਤੇ ਜਾਰਡਨੀਅਨ F-16s ਸਮੇਤ ਜਹਾਜ਼ਾਂ ਨੇ ਹਮਲਿਆਂ ਵਿੱਚ ਹਿੱਸਾ ਲਿਆ ਸੀ।
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ 'ਐਕਸ' ਉਤੇ ਲਿਖਿਆ,"ਅਸੀਂ ਕਦੇ ਨਹੀਂ ਭੁੱਲਾਂਗੇ, ਅਤੇ ਕਦੇ ਵੀ ਹਾਰ ਨਹੀਂ ਮੰਨਾਂਗੇ। ਇਹ ਕਿਸੇ ਜੰਗ ਦੀ ਸ਼ੁਰੂਆਤ ਨਹੀਂ ਹੈ, ਸਗੋਂ ਇਹ ਬਦਲਾ ਲੈਣ ਦਾ ਐਲਾਨ ਹੈ"
ਇੱਥੇ ਦੱਸ ਦੇਈਏ ਕਿ ਬੀਤੇ ਦਸੰਬਰ ਮਹੀਨੇ ਦੌਰਾਨ ਅਮਰੀਕੀ ਫ਼ੌਜੀ ਜਵਾਨਾਂ ਤੇ ਉਸ ਦੇ ਹੋਰ ਮੁਲਾਜ਼ਮਾਂ 'ਤੇ 'ਇਸਲਾਮਿਕ ਸਟੇਟ' ਦੇ ਅੱਤਵਾਦੀਆਂ ਨੇ ਕਈ ਹਮਲੇ ਕੀਤੇ ਹਨ। ਉਸ ਤੋਂ ਬਾਅਦ ਹੀ ਇਸ ਅੱਤਵਾਦੀ ਜੱਥੇਬੰਦੀ ਦੇ ਟਿਕਾਣਿਆਂ ਉਤੇ ਹਮਲੇ ਕਰਨ ਦੀ ਯੋਜਨਾ ਉਲੀਕੀ ਗਈ ਸੀ।
ਅਮਰੀਕਾ ਦੀ ਅਗਵਾਈ ਵਾਲਾ ਗੱਠਜੋੜ ਹਾਲੀਆ ਮਹੀਨਿਆਂ ਦੌਰਾਨ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਸ਼ੱਕੀਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਅਤੇ ਜ਼ਮੀਨੀ ਮੁਹਿੰਮ ਚਲਾ ਰਿਹਾ ਹੈ, ਜਿਸ ਵਿੱਚ ਅਕਸਰ ਸੀਰੀਆ ਦੇ ਸੁਰੱਖਿਆ ਬਲ ਸ਼ਾਮਲ ਹੁੰਦੇ ਹਨ।
ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ, "ਅੱਜ ਦੇ ਹਮਲਿਆਂ ਨੇ ਪੂਰੇ ਸੀਰੀਆ ਵਿੱਚ ISIS ਨੂੰ ਨਿਸ਼ਾਨਾ ਬਣਾਇਆ," ਇਹ ਹਮਲੇ ਦੁਪਹਿਰ ਬਾਅਦ ਕੀਤੇ ਗਏ ਸਨ।
ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹਮਲਿਆਂ ਵਿੱਚ ਕੋਈ ਮਾਰਿਆ ਗਿਆ ਹੈ ਜਾਂ ਨਹੀਂ। ਪੈਂਟਾਗਨ ਭਾਵ ਅਮਰੀਕੀ ਰੱਖਿਆ ਵਿਭਾਗ ਨੇ ਹੋਰ ਵੇਰਵਿਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸੈਂਟਕਾਮ ਨੇ ਕਿਹਾ ਕਿ ਸਨਿੱਚਰਵਾਰ ਦੇ ਹਮਲੇ ਪਿਛਲੇ ਮਹੀਨੇ ਇਸਲਾਮਿਕ ਸਟੇਟ ਅੱਤਵਾਦੀਆਂ ਦੁਆਰਾ ਸੀਰੀਆ ਵਿੱਚ ਅਮਰੀਕੀ ਫੌਜੀ ਕਰਮਚਾਰੀਆਂ ਦੀ ਹੱਤਿਆ ਤੋਂ ਬਾਅਦ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਸਨ। ਅਮਰੀਕੀ ਫੌਜ ਨੇ ਕਿਹਾ ਕਿ 13 ਦਸੰਬਰ ਦੀ ਉਸ ਘਟਨਾ ਵਿੱਚ ਦੋ ਅਮਰੀਕੀ ਫ਼ੌਜੀ ਜਵਾਨਾਂ ਅਤੇ ਇੱਕ ਸਿਵਲ ਦੁਭਾਸ਼ੀਏ ਦੀ ਮੌਤ ਹੋ ਗਈ ਸੀ। ਤਦ ਹੀ ਟਰੰਪ ਪ੍ਰਸ਼ਾਸਨ ਨੇ ਪਹਿਲੀ ਵਾਰ ਦਸੰਬਰ ਵਿੱਚ ਆਪਰੇਸ਼ਨ ਹਾਕਆਈ ਸਟ੍ਰਾਈਕ ਦਾ ਐਲਾਨ ਕਰ ਦਿੱਤਾ ਸੀ
ਸੀਰੀਆ ਦੀ ਸਰਕਾਰ ਦੀ ਅਗਵਾਈ ਸਾਬਕਾ ਬਾਗ਼ੀਆਂ ਦੁਆਰਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ 13 ਸਾਲਾਂ ਦੀ ਘਰੇਲੂ ਜੰਗ ਤੋਂ ਬਾਅਦ 2024 ਵਿੱਚ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਸੱਤਾ ਤੋਂ ਲਾਹ ਦਿੱਤਾ ਸੀ, ਅਤੇ ਇਸ ਵਿੱਚ ਸੀਰੀਆ ਦੀ ਸਾਬਕਾ ਅਲ-ਕਾਇਦਾ ਸ਼ਾਖਾ ਦੇ ਮੈਂਬਰ ਸ਼ਾਮਲ ਹਨ ਜੋ ਸਮੂਹ ਤੋਂ ਵੱਖ ਹੋ ਗਏ ਸਨ ਅਤੇ ਇਸਲਾਮਿਕ ਸਟੇਟ ਨਾਲ ਟਕਰਾ ਗਏ ਸਨ।
ਸੀਰੀਆ ਇਸ ਵੇਲੇ ਇਸਲਾਮਿਕ ਸਟੇਟ ਵਿਰੁੱਧ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਨਾਲ ਸਹਿਯੋਗ ਕਰ ਰਿਹਾ ਹੈ। ਪਿਛਲੇ ਸਾਲ ਦੇ ਅਖੀਰ ਵਿੱਚ ਇਸ ਸਬੰਧੀ ਇੱਕ ਸਮਝੌਤਾ ਹੋਇਆ ਸੀ, ਜਦੋਂ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਵਾਸ਼ਿੰਗਟਨ ਡੀਸੀ ਸਥਿਤ ਵ੍ਹਾਈਟ ਹਾਊਸ ਗਏ ਸਨ।
ਅਮਰੀਕੀ ਫੌਜਾਂ ਨੇ 20 ਦਸੰਬਰ ਤੋਂ 29 ਦਸੰਬਰ ਦੇ ਵਿਚਕਾਰ ਆਪ੍ਰੇਸ਼ਨ ਹਾਕਆਈ ਸਟ੍ਰਾਈਕ ਦੇ ਹਿੱਸੇ ਵਜੋਂ 11 ਮਿਸ਼ਨਾਂ ਵਿੱਚ ਲਗਭਗ 25 ਆਈਐਸ ਸਮੂਹ ਦੇ ਮੈਂਬਰਾਂ ਨੂੰ ਮਾਰ ਦਿੱਤਾ ਜਾਂ ਫੜ ਲਿਆ ਸੀ।