ਸਾਲਟ ਲੇਕ ਸਿਟੀ, ਅਮਰੀਕਾ
ਅਮਰੀਕੀ ਚਰਚ ਕੈਂਪਸ 'ਚ ਗੋਲ਼ੀਬਾਰੀ, 2 ਮਰੇ
ਅੰਤਿਮ ਸਸਕਾਰ ਮੌਕੇ ਹੋਏ ਝਗੜੇ 'ਚ ਚੱਲੀ ਗੋਲ਼ੀ
ਕਈ ਜਣੇ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਅਮਰੀਕੀ ਸੂਬੇ ਯੂਟਾਹ ਦੀ ਰਾਜਧਾਨੀ ਸਾਲਟ ਲੇਕ ਸਿਟੀ ਦੇ ਮੋਰਮਨ ਚਰਚ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਵਿਅਕਤੀ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ ਹਨ।
ਪੁਲਿਸ ਨੇ ਕਿਹਾ ਕਿ ਗੋਲੀਬਾਰੀ ਬੁੱਧਵਾਰ ਨੂੰ ਲੈਟਰ-ਡੇ ਸੇਂਟਸ ਦੇ ਚਰਚ ਆਫ਼ ਜੀਸਸ ਕ੍ਰਾਈਸਟ ਦੇ ਇੱਕ ਮੀਟਿੰਗ ਹਾਊਸ ਦੀ ਪਾਰਕਿੰਗ ਵਿੱਚ ਹੋਈ, ਜਿੱਥੇ ਦਰਜਨਾਂ ਲੋਕ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਸਨ।
ਛੇ ਜ਼ਖਮੀ ਪੀੜਤਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਕੋਈ ਵੀ ਸ਼ੱਕੀ ਹਿਰਾਸਤ ਵਿੱਚ ਨਹੀਂ ਹੈ ਅਤੇ ਐਫਬੀਆਈ ਵੱਲੋਂ ਹਮਲਾਵਰ ਦੀ ਭਾਲ਼ ਸ਼ੁਰੂ ਕੀਤੀ ਗਈ ਹੈ।
ਜਦੋਂ ਕਿ ਪੁਲਿਸ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਗੋਲੀਬਾਰੀ ਦੀ ਇਹ ਵਾਰਦਾਤ ਕਿਸੇ ਧਰਮ ਦੇ ਵਿਰੁੱਧ ਹਮਲਾ ਨਹੀਂ ਜਾਪਦਾ। ਚਰਚ ਦੇ ਬੁਲਾਰੇ ਗਲੇਨ ਮਿੱਲਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਰਚ ਦੇ ਬਾਹਰ ਇੱਕ ਝਗੜੇ ਦੇ ਸੰਕੇਤ ਮਿਲੇ ਹਨ, ਜਿੱਥੇ ਅੰਤਿਮ ਸੰਸਕਾਰ ਹੋ ਰਿਹਾ ਸੀ।
ਬੁਲਾਰੇ ਨੇ ਇਹ ਵੀ ਦੱਸਿਆ ਕਿ "ਪਾਰਕਿੰਗ ਵਿੱਚ, ਕਿਸੇ ਕਿਸਮ ਦਾ ਝਗੜਾ ਹੋਇਆ ਹੋਇਆ ਅਤੇ ਉਥੇ ਹੀ ਗੋਲੀਆਂ ਚਲਾਈਆਂ ਗਈਆਂ"।
ਘਟਨਾ ਤੋਂ ਬਾਅਦ ਲਗਭਗ ਪੁਲਿਸ ਦੇ 100 ਵਾਹਨ ਮੌਕੇ 'ਤੇ ਮੌਜੂਦ ਸਨ, ਹੈਲੀਕਾਪਟਰ ਉੱਪਰ ਉੱਡ ਰਹੇ ਸਨ।
“ਜਿਵੇਂ ਹੀ ਮੈਂ ਆਇਆ, ਮੈਂ ਜ਼ਮੀਨ 'ਤੇ ਕਿਸੇ ਨੂੰ ਡਿੱਗੇ ਪਏ ਦੇਖਿਆ... ਲੋਕ ਉਸ ਦੀ ਦੇਖਭਾਲ ਕਰ ਰਹੇ ਸਨ। ਉਹ ਰੋ ਰਹੇ ਸਨ ਅਤੇ ਬਹਿਸ ਕਰ ਰਹੇ ਸਨ।”
ਸਾਲਟ ਲੇਕ ਸਿਟੀ ਦੇ ਮੇਅਰ ਏਰਿਨ ਮੈਂਡੇਨਹਾਲ ਨੇ ਕਿਹਾ, “ਅਜਿਹੀ ਵਾਰਦਾਤ ਕਦੇ ਵੀ ਕਿਸੇ ਧਾਰਮਿਕ ਸਥਾਨ ਦੇ ਬਾਹਰ ਨਹੀਂ ਵਾਪਰਨੀ ਚਾਹੀਦੀ।”
ਯੂਟਾਹ ਦੇ ਲਗਭਗ 35 ਮਿਲੀਅਨ ਨਿਵਾਸੀ ਇਸੇ ਮਸੀਹੀ ਫਿਰਕੇ ਦੇ ਮੈਂਬਰ ਹਨ। ਜਿਸ ਚਰਚ ਵਿੱਚ ਗੋਲੀਬਾਰੀ ਹੋਈ ਸੀ, ਉਸ ਵਰਗੇ ਚਰਚ ਪੂਰੇ ਸ਼ਹਿਰ ਅਤੇ ਰਾਜ ਦੇ ਕਸਬਿਆਂ ਵਿੱਚ ਵੱਡੀ ਗਿਣਤੀ 'ਚ ਮੌਜੂਦ ਹਨ।