ਵਾਸ਼ਿੰਗਟਨ ਡੀਸੀ:ਦੁਨੀਆ ਭਰ 'ਚ ਭਾਵੇਂ ਇਸ ਵੇਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਿੱਖੀ ਆਲੋਚਨਾ ਹੋ ਰਹੀ ਹੈ ਪਰ ਉਹ ਹਾਲ਼ੇ ਵੀ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਜ਼ਿੱਦ ਉਤੇ ਅੜੇ ਹੋਏ ਹਨ। ਦਰਅਸਲ, ਅਮਰੀਕਾ ਨੇ ਆਪਣਾ 50ਵਾਂ ਸੂਬਾ ਅਲਾਸਕਾ ਵੀ ਰੂਸ ਤੋਂ 30 ਮਾਰਚ, 1867 ਨੂੰ ਰੂਸ ਤੋਂ 72 ਲੱਖ ਡਾਲਰ ਵਿੱਚ ਖ਼ਰੀਦਿਆ ਸੀ। ਹੁਣ ਟਰੰਪ ਗ੍ਰੀਨਲੈਂਡ ਨੂੰ ਵੀ ਉਸੇ ਤਰਜ਼ ਉਤੇ ਖ਼ਰੀਦਣ ਉਤੇ ਜ਼ੋਰ ਦੇ ਰਹੇ ਹਨ।
ਕੌਮਾਂਤਰੀ ਮੀਡੀਆ ਨਾਲ਼ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਜੇ ਅਮਰੀਕਾ ਹੁਣ ਵੈਨੇਜ਼ੁਏਲਾ ਉਤੇ ਕਬਜ਼ਾ ਨਹੀਂ ਕਰੇਗਾ, ਤਾਂ ਰੂਸ ਤੇ ਚੀਨ ਅਜਿਹਾ ਕਦਮ ਚੁੱਕ ਲੈਣਗੇ। 'ਪਰ ਅਸੀਂ ਨਹੀਂ ਚਾਹੁੰਦੇ ਕਿ ਰੂਸ ਜਾਂ ਚੀਨ ਜਿਹੇ ਦੇਸ਼ ਸਾਡੇ ਗੁਆਂਢੀ ਬਣਨ।'
ਟਰੰਪ ਨੇ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਖ਼ਰੀਦਣ ਦੇ ਸੌਦੇ ਨੂੰ ਬਹੁਤ ਆਸਾਨ ਬਣਾ ਦੇਣਗੇ। 'ਪਰ ਜੇ ਸੌਖੇ ਤਰੀਕੇ ਨਾਲ਼ ਇਹ ਸੌਦਾ ਨੇਪਰੇ ਨਾ ਚੜ੍ਹਿਆ, ਤਾਂ ਅਸੀਂ ਸਖ਼ਤੀ ਨਾਲ਼ ਵੀ ਇਹ ਸਭ ਕੁਝ ਕਰ ਸਕਦੇ ਹਾਂ।'
ਨਾਲ਼ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਡੈਨਮਾਰਕ ਦੇ ਪ੍ਰਸ਼ੰਸਕ ਹਨ। 'ਅਸਲੀਅਤ ਸ਼ਾਇਦ ਤੁਹਾਨੂੰ ਪਤਾ ਹੋਵੇ। ਦਰਅਸਲ, ਗ੍ਰੀਨਲੈਂਡ ਇੱਕ ਟਾਪੂ ਦੇਸ਼ ਹੈ। ਪੰਜ ਸੌ ਸਾਲ ਪਹਿਲਾਂ ਉਥੇ ਕਿਸ਼ਤੀਆਂ ਰਾਹੀਂ ਉਹ ਚਲੇ ਗਏ ਸਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਜ਼ਮੀਨ ਉਨ੍ਹਾਂ ਦੀ ਬਣ ਗਈ ਹੈ।'
ਟਰੰਪ ਨੇ ਇਹ ਵੀ ਕਿਹਾ ਕਿ ਨਾਟੋ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। 'ਮੈਂ ਪੂਰੀ ਤਰ੍ਹਾਂ ਨਾਟੋ ਨੂੰ ਸਮਰਪਿਤ ਹਾਂ। ਮੈਂ ਨਾਟੋ ਨੂੰ ਬਚਾਇਆ ਸੀ। ਜੇ ਮੈਂ ਉਦੋਂ ਨਾ ਬਚਾਇਆ ਹੁੰਦਾ, ਤਾਂ ਅੱਜ ਤੁਹਾਡੇ ਕੋਲ਼ ਨਾਟੋ ਨੇ ਨਹੀਂ ਹੋਣਾ ਸੀ।'