ਮਥੁਰਾ:
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਯਮੁਨਾ ਐਕਸਪ੍ਰੈਸਵੇਅ 'ਤੇ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ। ਨੋਇਡਾ ਤੋਂ ਆਗਰਾ ਜਾ ਰਹੀ ਇੱਕ ਪ੍ਰਾਈਵੇਟ ਬੱਸ ਤੋਂ ਬਾਥਰੂਮ ਬ੍ਰੇਕ ਲਈ ਉਤਰ ਰਹੇ ਯਾਤਰੀਆਂ ਨੂੰ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਇਹ ਹਾਦਸਾ ਯਮੁਨਾ ਐਕਸਪ੍ਰੈਸਵੇਅ ਦੇ ਮੀਲ ਪੱਥਰ 88 ਦੇ ਨੇੜੇ, ਸੂਰੀਰ ਥਾਣਾ ਖੇਤਰ ਵਿੱਚ ਸਵੇਰੇ ਕਰੀਬ 2:45 ਵਜੇ ਵਾਪਰਿਆ। ਪੁਲਿਸ ਅਨੁਸਾਰ, ਬੱਸ ਦੇ ਕੁਝ ਯਾਤਰੀਆਂ ਨੇ ਡਰਾਈਵਰ ਨੂੰ ਬਾਥਰੂਮ ਬ੍ਰੇਕ ਲਈ ਰੁਕਣ ਦੀ ਬੇਨਤੀ ਕੀਤੀ ਸੀ। ਨਿਰਧਾਰਤ ਅਤੇ ਸੁਰੱਖਿਅਤ ਗ੍ਰੀਨ ਜ਼ੋਨ 'ਤੇ ਰੁਕਣ ਦੀ ਬਜਾਏ, ਡਰਾਈਵਰ ਨੇ ਬੱਸ ਨੂੰ ਐਕਸਪ੍ਰੈਸਵੇਅ ਦੇ ਕਿਨਾਰੇ ਖੜ੍ਹਾ ਕਰ ਦਿੱਤਾ।
ਇਸ ਦੌਰਾਨ ਜਿਵੇਂ ਹੀ ਕੁਝ ਯਾਤਰੀ ਬੱਸ ਤੋਂ ਉਤਰ ਕੇ ਸੜਕ ਕਿਨਾਰੇ ਖੜ੍ਹੇ ਹੋਏ, ਪਿੱਛੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਕੰਟੇਨਰ ਬੱਸ ਨਾਲ ਟਕਰਾ ਗਿਆ ਅਤੇ ਹੇਠਾਂ ਖੜ੍ਹੇ ਯਾਤਰੀਆਂ ਨੂੰ ਰੌਂਦਦਾ ਹੋਇਆ ਲੰਘ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਖ-ਪੁਕਾਰ ਅਤੇ ਹਫੜਾ-ਦਫੜੀ ਮੱਚ ਗਈ।
ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਸੋਨੂੰ (ਸਰਵ ਕਟੜਾ, ਔਰਈਆ),ਦੇਵੇਸ਼ (ਅਲੇਵਾਲ, ਬਸਤੀ),ਅਸਲਮ (ਗਣੇਸ਼ ਕਾ ਪੁਰਵਾ, ਕੰਨੌਜ),ਸੰਤੋਸ਼ (ਪ੍ਰੇਮ ਨਗਰ, ਦਿੱਲੀ)
ਦੋ ਹੋਰ ਮ੍ਰਿਤਕਾਂ ਦੀ ਪਛਾਣ ਦੀ ਕਾਰਵਾਈ ਜਾਰੀ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਅਮਰ ਦੂਬੇ (ਬੇਲਾ, ਔਰਈਆ) ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੂਰੀਰ ਥਾਣੇ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਕਸਪ੍ਰੈਸਵੇਅ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਨੂੰ ਗਲਤ ਅਤੇ ਅਸੁਰੱਖਿਅਤ ਥਾਂ ’ਤੇ ਰੋਕਣਾ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਬਣਿਆ। ਕੰਟੇਨਰ ਡਰਾਈਵਰ ਦੀ ਭਾਲ ਜਾਰੀ ਹੈ।
ਹਾਦਸੇ ਕਾਰਨ ਕੁਝ ਸਮੇਂ ਲਈ ਯਮੁਨਾ ਐਕਸਪ੍ਰੈਸਵੇਅ 'ਤੇ ਆਵਾਜਾਈ ਪ੍ਰਭਾਵਿਤ ਰਹੀ, ਜਿਸਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ।