ਨਵੀਂ ਦਿੱਲੀ : NEET-UG 2026 ਪੇਪਰ ਲੀਕ ਮਾਮਲੇ ‘ਚ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਗਈ ਹੈ। ਜਾਂਚ ਏਜੰਸੀਆਂ ਮੁਤਾਬਕ ਪੇਪਰ ਲੀਕ ਦਾ ਜਾਲ ਰਾਜਸਥਾਨ, ਮਹਾਰਾਸ਼ਟਰ ਤੋਂ ਲੈ ਕੇ ਕੇਰਲ ਤੱਕ ਫੈਲਿਆ ਹੋਇਆ ਸੀ।
ਮਾਮਲੇ ਦੇ ਤੂਲ ਫੜਨ ਮਗਰੋਂ NEET-UG 2026 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਜਿਸ ਨਾਲ ਲੱਖਾਂ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਸੁਪਰੀਮ ਕੋਰਟ ਵਿਚ ਵੀ ਅਰਜ਼ੀ ਦਾਇਰ ਕਰਕੇ NTA ਨੂੰ ਹਟਾਉਣ ਅਤੇ ਨਿਆਂਇਕ ਨਿਗਰਾਨੀ ਹੇਠ ਮੁੜ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੇਰਲ ਦੇ ਇਕ MBBS ਵਿਦਿਆਰਥੀ ਨੇ ਕਥਿਤ “ਗੈੱਸ ਪੇਪਰ” ਵਟਸਐਪ ਰਾਹੀਂ ਰਾਜਸਥਾਨ ਵਿਚ ਆਪਣੇ ਜਾਣਕਾਰਾਂ ਨੂੰ ਭੇਜਿਆ ਸੀ। ਦੂਜੇ ਪਾਸੇ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਵੀ ਕੇਂਦਰ ਸਰਕਾਰ ਨੂੰ NEET ਪ੍ਰਣਾਲੀ ਖਤਮ ਕਰਕੇ 12ਵੀਂ ਜਮਾਤ ਦੇ ਅੰਕਾਂ ਅਧਾਰਿਤ ਦਾਖ਼ਲੇ ਕਰਨ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਕਈ ਸਿੱਖਿਆ ਵਿਸ਼ੇਸ਼ਗਿਆਣਾਂ ਨੇ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜੇ ਕੀਤੇ ਹਨ।
ਉਧਰ NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋ ਰਹੀ ਹੈ ਅਤੇ ਜਲਦ ਹੀ ਅਗਲੀ ਪ੍ਰੀਖਿਆ ਸਬੰਧੀ ਫੈਸਲਾ ਲਿਆ ਜਾਵੇਗਾ।