ਚੰਡੀਗੜ੍ਹ, 17 ਜਨਵਰੀ :
ਪੰਜਾਬ ਵਿੱਚ ਪੋਟਾਸ਼ ਦੀ ਖੋਜ ਨੂੰ ਤੇਜ਼ੀ ਦੇਣ ਅਤੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਖਣਿਜ ਖੋਜ ਕਾਰਜਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਸਬੰਧੀ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰਾਲੇ ਵਿੱਚ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐਸਆਈ) ਅਤੇ ਪੰਜਾਬ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਹੋਈ।
ਮੀਟਿੰਗ ਵਿੱਚ ਫੀਲਡ ਸੀਜ਼ਨ 2025-26 ਦੌਰਾਨ ਮੁਕੰਮਲ ਹੋਏ ਖੋਜ ਬਲਾਕਾਂ, ਚੱਲ ਰਹੀਆਂ ਡ੍ਰਿਲਿੰਗ ਗਤੀਵਿਧੀਆਂ ਅਤੇ 2026-27 ਲਈ ਪ੍ਰਸਤਾਵਿਤ ਖੋਜ ਕਾਰਜਾਂ ਦੀ ਸਮੀਖਿਆ ਕੀਤੀ ਗਈ। ਧਿਆਨ ਖ਼ਾਸ ਤੌਰ ’ਤੇ ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ’ਤੇ ਕੇਂਦਰਿਤ ਕੀਤਾ ਗਿਆ, ਜਿੱਥੇ ਪੋਟਾਸ਼ ਦੇ ਵੱਡੇ ਭੰਡਾਰ ਹੋਣ ਦੀ ਸੰਭਾਵਨਾ ਦਰਜ ਕੀਤੀ ਗਈ ਹੈ।
ਜੀਐਸਆਈ ਅਧਿਕਾਰੀਆਂ ਨੇ ਦੱਸਿਆ ਕਿ ਕਬਰਵਾਲਾ ਅਤੇ ਸ਼ੇਰਗੜ੍ਹ–ਦਲਮੀਰਖੇੜਾ ਬਲਾਕਾਂ ਵਿੱਚ ਜੀ-4 ਪੜਾਅ ਦੀ ਖੋਜ ਪੂਰੀ ਹੋ ਚੁੱਕੀ ਹੈ ਅਤੇ ਭੂ-ਵਿਗਿਆਨਕ ਮੈਮੋਰੈਂਡਮ ਰਾਜ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ। ਸੂਬੇ ਦੀ ਸਹਿਮਤੀ ਤੋਂ ਬਾਅਦ ਸ਼ੇਰਗੜ੍ਹ–ਸ਼ੇਰਾਵਾਲਾ–ਰਾਮਸਰਾ–ਦਲਮੀਰਖੇੜਾ ਸਾਂਝਾ ਬਲਾਕ ਕੰਪੋਜ਼ਿਟ ਲਾਇਸੈਂਸ ਦੀ ਨਿਲਾਮੀ ਲਈ ਛੇਵੇਂ ਪੜਾਅ ਵਿੱਚ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਰਾਜਪੁਰਾ–ਰਾਜਾਵਾਲੀ ਅਤੇ ਗਿੱਦੜਾਂਵਾਲੀ–ਅਜ਼ੀਮਗੜ੍ਹ ਬਲਾਕਾਂ ਵਿੱਚ ਛੇ ਥਾਵਾਂ ’ਤੇ ਡ੍ਰਿਲਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪੰਜ ਥਾਵਾਂ ’ਤੇ ਕੰਮ ਪੂਰਾ ਹੋ ਚੁੱਕਾ ਹੈ। ਰਸਾਇਣਕ ਵਿਸ਼ਲੇਸ਼ਣ ਤੋਂ ਬਾਅਦ ਅੰਤਿਮ ਰਿਪੋਰਟਾਂ ਅਪ੍ਰੈਲ ਤੱਕ ਆਉਣ ਦੀ ਉਮੀਦ ਹੈ।
ਆਉਣ ਵਾਲੇ ਫੀਲਡ ਸੀਜ਼ਨ 2026-27 ਲਈ ਜੀਐਸਆਈ ਨੇ ਕੇਰਾ–ਖੇੜਾ, ਸਈਅਦਵਾਲਾ ਅਤੇ ਕੰਧਵਾਲਾ–ਰਾਮਸਰਾ ਬਲਾਕਾਂ ਵਿੱਚ ਖੋਜ ਅਤੇ ਸ਼ੁਰੂਆਤੀ ਖੋਜ ਸਰਵੇਖਣ ਦੀ ਤਜਵੀਜ਼ ਦਿੱਤੀ ਹੈ, ਜਿਸ ਵਿੱਚ 15 ਡ੍ਰਿਲਿੰਗ ਸਾਈਟਾਂ ਸ਼ਾਮਲ ਹਨ। ਇਸ ਦੇ ਨਾਲ ਈਵੈਪੋਰਾਈਟ ਬੇਸਿਨ ਦੇ ਭੂ-ਭੌਤਿਕ ਸਰਵੇਖਣ ਰਾਹੀਂ ਹੋਰ ਖਣਿਜ ਭਰਪੂਰ ਖੇਤਰਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖੋਜ ਕਾਰਜਾਂ ਵਿੱਚ ਤੇਜ਼ੀ ਲਿਆਉਣ, ਸਮੇਂ ਸਿਰ ਨਤੀਜੇ ਯਕੀਨੀ ਬਣਾਉਣ ਅਤੇ ਮਹੀਨਾਵਾਰ ਸਮੀਖਿਆ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੋਟਾਸ਼ ਖੇਤੀਬਾੜੀ ਲਈ ਅਹਿਮ ਖਣਿਜ ਹੈ ਅਤੇ ਭਾਰਤ ਇਸ ਦੀ ਲਗਭਗ 99 ਫੀਸਦੀ ਲੋੜ ਦਰਾਮਦ ਰਾਹੀਂ ਪੂਰੀ ਕਰਦਾ ਹੈ। ਪੰਜਾਬ ਵਿੱਚ ਪੋਟਾਸ਼ ਦੀ ਸਫ਼ਲ ਖੋਜ ਨਾਲ ਕਿਸਾਨਾਂ, ਸੂਬੇ ਦੀ ਅਰਥਵਿਵਸਥਾ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਵੱਡਾ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੋਟਾਸ਼ ਸਮੇਤ ਹੋਰ ਅਹਿਮ ਖਣਿਜਾਂ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਹਰ ਵਿਗਿਆਨਕ ਕੋਸ਼ਿਸ਼ ਨੂੰ ਪੂਰਾ ਸਹਿਯੋਗ ਦੇਵੇਗੀ।