ਤੇਲ ਕੰਪਨੀਆਂ ਵੈਨੇਜ਼ੁਏਲਾ 'ਚ ਲਾਉਣਗੀਆਂ 100 ਕਰੋੜ ਡਾਲਰ
ਵਾਸ਼ਿੰਗਟਨ ਡੀ.ਸੀ :
ਅਮਰੀਕਾ ਹੁਣ ਭਾਰਤ ਨੂੰ ਆਪਣੀਆਂ ਸ਼ਰਤਾਂ 'ਤੇ ਵੈਨੇਜ਼ੁਏਲਾ ਦਾ ਤੇਲ ਵੇਚੇਗਾ। ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਜਿਹਾ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਨੂੰ ਵੈਨੇਜ਼ੁਏਲਾ ਦਾ ਤੇਲ ਖ਼ਰੀਦਣ ਦੀ ਇਜਾਜ਼ਤ ਦੇਵੇਗਾ। ਉਂਝ ਹਾਲ਼ੇ ਅਮਰੀਕਾ ਨੇ ਵੈਨੇਜ਼ੁਏਲਾ ਦੇ ਕੌਮਾਂਤਰੀ ਕਾਰੋਬਾਰ ਉਤੇ ਪਾਬੰਦੀਆਂ ਲਾਈਆਂ ਹੋਈਆਂ ਹਨ। ਪਰ ਹੁਣ ਅਜਿਹੇ ਸੰਕੇਤ ਤੋਂ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅਮਰੀਕਾ ਸ਼ਾਇਦ ਵੈਨੇਜ਼ੁਏਲਾ ਨੂੰ ਅੰਸ਼ਕ ਤੌਰ ਉਤੇ ਵਪਾਰ ਕਰਨ ਦੀ ਇਜਾਜ਼ਤ ਦੇ ਦੇਵੇਗਾ।
ਉਂਝ ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਹਾਲ਼ੇ ਇਸ ਮਾਮਲੇ ਦੇ ਕਈ ਪੱਖਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਬੇਦਖਲ ਕਰਨ ਤੋਂ ਬਾਅਦ ਅਮਰੀਕਾ ਇੱਕ ਨਵੀਂ ਵਿਵਸਥਾ ਤਹਿਤ 5 ਕਰੋੜ ਬੈਰਲ ਤੱਕ ਵੈਨੇਜ਼ੁਏਲਾ ਕੱਚਾ ਤੇਲ ਸੋਧੇਗਾ ਅਤੇ ਵੇਚੇਗਾ।
ਦੁਨੀਆ ਦੀਆਂ ਕੁਝ ਵੱਡੀਆਂ ਤੇਲ ਕੰਪਨੀਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਤੇ ਕਾਰਜਕਾਰੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਬੋਲਦਿਆਂ ਟਰੰਪ ਨੇ ਇਸ ਕਦਮ ਨੂੰ ਇੱਕ ਆਰਥਿਕ ਮੌਕਾ ਅਤੇ ਰਾਜਨੀਤਿਕ ਰੀਸੈਟ ਦੋਵਾਂ ਵਜੋਂ ਪੇਸ਼ ਕੀਤਾ।
ਵੈਨੇਜ਼ੁਏਲਾ ਦੇ ਤੇਲ ਖੇਤਰ ਦੇ ਹਵਾਲੇ ਨਾਲ਼ ਟਰੰਪ ਨੇ ਆਖਿਆ,"ਵੈਨੇਜ਼ੁਏਲਾ ਬਹੁਤ ਸਫਲ ਹੋਣ ਜਾ ਰਿਹਾ ਹੈ, ਅਸੀਂ ਉਹ ਵਾਪਸ ਲੈ ਰਹੇ ਹਾਂ ਜੋ ਸਾਡੇ ਤੋਂ ਲਿਆ ਗਿਆ ਸੀ।"
ਟਰੰਪ ਨੇ ਕਿਹਾ ਕਿ ਤੇਲ ਕੰਪਨੀਆਂ ਵੈਨੇਜ਼ੁਏਲਾ ਵਿੱਚ ਘੱਟੋ-ਘੱਟ 100 ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ, ਕਿਉਂਕਿ ਵਾਸ਼ਿੰਗਟਨ ਇੱਕ ਅਜਿਹੇ ਦੇਸ਼ ਵਿੱਚ ਉਤਪਾਦਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਪਰ ਜਿਸ ਦਾ ਉਦਯੋਗ ਸਾਲਾਂ ਦੀਆਂ ਪਾਬੰਦੀਆਂ, ਕੁਪ੍ਰਬੰਧਨ ਅਤੇ ਘੱਟ ਨਿਵੇਸ਼ ਕਾਰਨ ਅਪਾਹਜ ਹੋ ਕੇ ਰਹਿ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਵਾਸ਼ਿੰਗਟਨ ਹੁਣ ਵੈਨੇਜ਼ੁਏਲਾ ਦੇ ਤੇਲ ਖੇਤਰ ਨੂੰ ਮੁੜ ਖੋਲ੍ਹਣ 'ਤੇ ਸਖ਼ਤੀ ਨਾਲ ਨਿਯੰਤਰਣ ਕਰੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਫੈਸਲਾ ਕਰੇਗਾ ਕਿ ਕਿਹੜੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਥੋਂ ਦੇ ਪੂੰਜੀ ਪ੍ਰਵਾਹ ਅਤੇ ਉਤਪਾਦਨ ਬਾਰੇ ਵੀ ਫ਼ੈਸਲੇ ਲਏ ਜਾਣਗੇ।
ਟਰੰਪ ਨੇ ਅਮਰੀਕੀ ਤੇਲ ਕੰਪਨੀਆਂ ਨੂੰ ਵੈਨੇਜ਼ੁਏਲਾ ਦੇ ਤੇਲ ਬੁਨਿਆਦੀ ਢਾਂਚੇ ਦੀ ਮੁਰੰਮਤ ਕਰਨ ਅਤੇ ਉਸ ਦੇ ਉਤਪਾਦਨ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਨ ਲਈ ਕਿਹਾ ਹੈ।