ਪਰਥ / ਪੱਛਮੀ ਆਸਟ੍ਰੇਲੀਆ:
ਆਸਟ੍ਰੇਲੀਆ ਦੇ ਪੱਛਮੀ ਆਸਟ੍ਰੇਲੀਆ ਰਾਜ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਟਰੱਕ ਡਰਾਈਵਰ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਇਹ ਹਾਦਸਾ Great Eastern Highway ’ਤੇ ਵਾਪਰਿਆ, ਜਿੱਥੇ ਇੱਕ ਭਾਰਤੀ ਡਰਾਈਵਰ ਦਾ ਟਰੱਕ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ ਅਤੇ ਕੁਝ ਹੀ ਪਲਾਂ ਵਿੱਚ ਅੱਗ ਦੀ ਭਿਆਨਕ ਲਪੇਟ ਵਿੱਚ ਆ ਗਿਆ।
ਟਰੱਕ ਪਲਟਣ ਨਾਲ ਹੀ ਫਿਊਲ ਟੈਂਕ ਵਿੱਚ ਧਮਾਕਾ ਹੋਇਆ ਅਤੇ ਅੱਗ ਨੇ ਕੈਬਿਨ ਨੂੰ ਘੇਰ ਲਿਆ। ਡਰਾਈਵਰ ਕੈਬਿਨ ਵਿੱਚ ਹੀ ਫਸ ਗਿਆ ਅਤੇ ਅੱਗ ਦੀ ਤੀਬਰਤਾ ਕਾਰਨ ਬਾਹਰ ਨਹੀਂ ਨਿਕਲ ਸਕਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੇਕਾਬੂ ਹੋਣ ਕਾਰਨ ਕੋਈ ਵੀ ਨੇੜੇ ਨਹੀਂ ਜਾ ਸਕਿਆ।
ਅੱਗ ਬੁਝਾਊ ਦਸਤਾ, ਪੁਲਿਸ ਅਤੇ ਐਂਬੂਲੈਂਸ ਤੁਰੰਤ ਮੌਕੇ ’ਤੇ ਪਹੁੰਚੀ, ਪਰ ਟਰੱਕ ਪੂਰੀ ਤਰ੍ਹਾਂ ਸੜ ਚੁੱਕਾ ਸੀ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਡਰਾਈਵਰ ਦੀ ਸੜੀ ਹੋਈ ਲਾਸ਼ ਕੈਬਿਨ ਵਿੱਚੋਂ ਬਰਾਮਦ ਕੀਤੀ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੀ ਪਛਾਣ ਅਰਸ਼ਪ੍ਰੀਤ ਸਿੰਘ ਖਹਿਰਾ (23) ਵਜੋਂ ਹੋਈ ਹੈ, ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਨਾਲ-ਨਾਲ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਅਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਪਛਾਣ ਦੀ ਅਧਿਕਾਰਤ ਪੁਸ਼ਟੀ ਕੀਤੀ ਜਾਵੇਗੀ।
ਹਾਦਸੇ ਤੋਂ ਬਾਅਦ ਹਾਈਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਰੋਕੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤੇਜ਼ ਰਫ਼ਤਾਰ, ਤਕਨੀਕੀ ਨੁਕਸ ਜਾਂ ਸੜਕ ਹਾਲਤਾਂ ਨੂੰ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਦੁੱਖਦਾਈ ਘਟਨਾ ਦੀ ਖ਼ਬਰ ਪੰਜਾਬ ਪਹੁੰਚਣ ’ਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਭਾਰਤੀ ਦੂਤਾਵਾਸ ਅਤੇ ਆਸਟ੍ਰੇਲੀਆਈ ਅਧਿਕਾਰੀਆਂ ਨਾਲ ਸੰਪਰਕ ਕਰਕੇ ਲਾਸ਼ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲਾ ਪੰਜਾਬੀ ਭਾਈਚਾਰਾ ਵੀ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਹੈ।