ਡੈਨਮਾਰਕ ਦੇ ਰੱਖਿਆ ਮੰਤਰਾਲੇ ਨੇ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕੋਈ ਡੈਨਿਸ਼ ਖੇਤਰ 'ਤੇ ਹਮਲਾ ਕਰਦਾ ਹੈ ਤਾਂ ਉਨ੍ਹਾਂ ਦੇ ਫ਼ੌਜੀ ਜਵਾਨ ਤੁਰੰਤ ਜੰਗ ਸ਼ੁਰੂ ਕਰ ਦੇਣਗੇ। ਉਹ ਆਪਣੇ ਕਮਾਂਡਰਾਂ ਦੇ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਗੋਲੀਬਾਰੀ ਕਰਨਗੇ, ਕਿਉਂਕਿ ਅਮਰੀਕਾ ਗ੍ਰੀਨਲੈਂਡ ਨੂੰ ਲੈਣ ਲਈ ਫੌਜੀ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 1952 'ਚ ਠੰਢੀ ਜੰਗ ਵੇਲੇ ਇਹ ਹਦਾਇਤ ਜਾਰੀ ਕੀਤੀ ਗਈ ਸੀ ਕਿ ਜੇ ਕੋਈ ਵਿਦੇਸ਼ੀ ਤਾਕਤ ਡੈਨਿਸ਼ ਖੇਤਰ ਨੂੰ ਖ਼ਤਰਾ ਪੈਦਾ ਕਰਦੀ ਹੈ ਤਾਂ ਫੌਜਾਂ ਨੂੰ ਕਿਸੇ ਕਮਾਂਡਰ ਦੇ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਪਹਿਲਾਂ ਗੋਲੀ ਮਾਰ ਦੇਣੀ ਚਾਹੀਦੀ ਹੈ।
ਅਜਿਹੀ ਹਦਾਇਤ ਉਸ ਵੇਲੇ ਜਾਰੀ ਕੀਤੀ ਗਈ ਸੀ, ਜਦੋਂ ਅਪ੍ਰੈਲ 1940 ਵਿੱਚ ਨਾਜ਼ੀ ਜਰਮਨੀ ਨੇ ਡੈਨਮਾਰਕ 'ਤੇ ਹਮਲਾ ਕੀਤਾ ਸੀ, ਜਿਸ ਨਾਲ ਸਕੈਂਡੇਨੇਵੀਅਨ ਦੇਸ਼ ਦਾ ਸੰਚਾਰ ਢਾਂਚਾ ਕਾਫ਼ੀ ਹੱਦ ਤੱਕ ਢਹਿ–ਢੇਰੀ ਹੋ ਕੇ ਰਹਿ ਗਿਆ ਸੀ। ਉਹ ਹਦਾਇਤ ਹਾਲ਼ੇ ਵੀ ਲਾਗੂ ਹੈ।
ਗ੍ਰੀਨਲੈਂਡ ਦਾ ਡੈਨਮਾਰਕ ਨਾਲ਼ ਫ਼ੌਜੀ ਸਹਿਯੋਗ ਹੈ ਤੇ ਡੈਨਮਾਰਕ ਦੇ ਫ਼ੌਜੀ ਜਵਾਨ ਉਥੇ 'ਜੁਆਇੰਟ ਆਰਕਟਿਕ ਕਮਾਂਡ' ਹੇਠ ਇਸ ਵਿਸ਼ਾਲ ਟਾਪੂਨੁਮਾ ਦੇਸ਼ ਦੀ ਰਾਖੀ ਕਰਦੇ ਹਨ।
ਇਸ ਵੇਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਦੇ ਟਰੰਪ ਦੇ ਗ੍ਰੀਨਲੈਂਡ ਬਾਰੇ ਬਿਆਨਾਂ ਨੇ ਪੂਰੀ ਦੁਨੀਆ 'ਚ ਅਸਥਿਰਤਾ ਵਾਲ਼ਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇੇ ਦੱਸ ਦੇਈਏ ਕਿ ਟਰੰਪ ਨੇ ਗ੍ਰੀਨਲੈਂਡ ਉਤੇ ਕਬਜ਼ਾ ਕਰਨ ਬਾਰੇ ਬਿਆਨ ਦਿੱਤਾ ਸੀ। ਉਸ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਮਾਹੌਲ ਭਖਿਆ ਹੋਇਆ ਹੈ। ਕੋਲੰਬੀਆ ਦੇ ਰਾ਼ਟਰਪਤੀ ਗੁਸਤਾਵੋ ਫ਼੍ਰਾਂਸਿਸਕੋ ਪੈਟ੍ਰੋ ਉਰੇਗੋ ਤਾਂ ਇਸ ਮੁੱਦੇ 'ਤੇ ਟਰੰਪ ਨੂੰ 'ਬੁਜ਼ਦਿਲ' ਤੱਕ ਆਖ ਚੁੱਕੇ ਹਨ।
ਰੂਸੀ ਅਤੇ ਚੀਨੀ ਜਹਾਜ਼ਾਂ ਦੀ ਮੌਜੂਦਗੀ ਕਾਰਨ ਆਰਕਟਿਕ ਖੇਤਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।
ਅਮਰੀਕਾ 1951 ਦੀ ਇੱਕ ਸੰਧੀ ਦਾ ਮੈਂਬਰ ਹੈ, ਜਿਸ ਰਾਹੀਂ ਉਸ ਨੂੰ ਇਸ ਖੇਤਰ ਅਤੇ ਡੈਨਮਾਰਕ ਦੀ ਸਹਿਮਤੀ ਨਾਲ ਗ੍ਰੀਨਲੈਂਡ ਵਿੱਚ ਫੌਜੀ ਚੌਕੀਆਂ ਸਥਾਪਤ ਕਰਨ ਦੇ ਵਿਆਪਕ ਅਧਿਕਾਰ ਮਿਲ਼ਿਆ ਹੋਇਆ ਹੈ।
ਉਧਰ ਡੈਨਮਾਰਕ ਅਤੇ ਗ੍ਰੀਨਲੈਂਡ ਵਾਰ-ਵਾਰ ਆਖ ਚੁੱਕੇ ਹਨ ਕਿ ਇਹ ਖੇਤਰ ਵਿਕਰੀ ਲਈ ਨਹੀਂ ਹੈ। ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਇਸ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਗ੍ਰੀਨਲੈਂਡ ਨੂੰ ਲੈਣ ਦੀ ਕੋਈ ਵੀ ਫੌਜੀ ਕੋਸ਼ਿਸ਼ ਨਾਟੋ ਦਾ ਅੰਤ ਹੋਵੇਗੀ। "ਜੇ ਅਮਰੀਕਾ ਕਿਸੇ ਹੋਰ ਨਾਟੋ ਦੇਸ਼ 'ਤੇ ਫੌਜੀ ਹਮਲਾ ਕਰਦਾ ਹੈ, ਤਾਂ ਸਭ ਕੁਝ ਖ਼ਤਮ ਹੋ ਜਾਵੇਗਾ।"
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਗ੍ਰੀਨਲੈਂਡ 'ਤੇ ਅਮਰੀਕਾ ਦੇ ਰੁਖ਼ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਡੈਨਮਾਰਕ ਅਜਿਹਾ ਕੁਝ ਵੀ ਨਹੀਂ ਕਰ ਸਕਿਆ ਕਿ ਆਰਕਟਿਕ ਖੇਤਰ "ਵਿਸ਼ਵ ਸੁਰੱਖਿਆ ਲਈ ਇੱਕ ਐਂਕਰ ਵਜੋਂ ਕੰਮ ਕਰ ਸਕੇ"।
ਇਸ ਦੌਰਾਨ, ਵਾਸ਼ਿੰਗਟਨ ਵਿੱਚ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਰਾਜਦੂਤਾਂ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਕਿਉਂਕਿ ਉਹ ਅਮਰੀਕੀ ਕਾਨੂੰਨਸਾਜ਼ਾਂ ਅਤੇ ਪ੍ਰਮੁੱਖ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਗ੍ਰੀਨਲੈਂਡ ਯੋਜਨਾ ਤੋਂ ਪਿੱਛੇ ਹਟਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਅਗਲੇ ਹਫ਼ਤੇ ਡੈਨਿਸ਼ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।