ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਫ਼ਿਕਰਮੰਦ ਹੋ ਗਈਆਂ ਹਨ। ਸਭ ਨੂੰ ਇਹੋ ਚਿੰਤਾ ਹੈ ਕਿ ਆਖ਼ਰ ਟਰੰਪ ਕਿਹੋ ਜਿਹੀਆਂ ਪਿਰਤਾਂ ਪਾਉਣੀਆਂ ਚਾਹੁੰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਹੁਣ ਫੌਜ ਦੀ ਵਰਤੋਂ ਅਤੇ ਗ੍ਰੀਨਲੈਂਡ ਨੂੰ ਖਰੀਦਣ ਜਿਹੇ ਵੱਖੋ-ਵੱਖਰੇ ਵਿਕਲਪਾਂ 'ਤੇ ਵਿਚਾਰ–ਵਟਾਂਦਰਾ ਕਰ ਰਹੇ ਹਨ। ਟਰੰਪ ਰਣਨੀਤਿਕ ਤੌਰ 'ਤੇ ਅਹਿਮ ਇਸ ਟਾਪੂ 'ਤੇ ਆਪਣਾ ਕਬਜ਼ਾ ਚਾਹੁੰਦੇ ਹਨ। ਉਨ੍ਹਾਂ ਦੇ ਇਸ ਕਦਮ ਦਾ ਯੂਰਪੀ ਦੇਸ਼ ਵਿਰੋਧ ਕਰ ਰਹੇ ਹਨ। ਡੈਨਮਾਰਕ ਦੇ ਸੰਸਦ ਮੈਂਬਰ ਰਾਸਮੁਸ ਜਾਰਲੋਵ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਲਈ ਇੱਕ ਸਹਿਯੋਗੀ ਦੇਸ਼ ਨਾਲ ਲਗਭਗ ਜੰਗ ਸ਼ੁਰੂ ਕਰਨ ਜਾ ਰਿਹਾ ਹੈ।
ਵ੍ਹਾਈਟ ਹਾਊਸ ਨੇ ਇਕ ਬਿਆਨ ’ਚ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਗ੍ਰੀਨਲੈਂਡ ਦੇ ਅਕਵਾਇਰ ਦੇ ਵਿਕਲਪਾਂ 'ਤੇ ਚਰਚਾ ਕਰ ਰਹੇ ਹਨ। ਉਹ ਗ੍ਰੀਨਲੈਂਡ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਦੀ ਪਹਿਲਕਦਮੀ ਵਜੋਂ ਦੇਖਦੇ ਹਨ। ਬਿਆਨ ਮੁਤਾਬਕ, ‘ਰਾਸ਼ਟਰਪਤੀ ਅਤੇ ਉਹਨਾਂ ਦੀ ਟੀਮ ਇਸ ਅਹਿਮ ਵਿਦੇਸ਼ ਨੀਤੀ ਉਦੇਸ਼ ਨੂੰ ਹਾਸਲ ਕਰਨ ਲਈ ਵੱਖ-ਵੱਖ ਬਦਲਾਂ ’ਤੇ ਚਰਚਾ ਕਰ ਰਹੇ ਹਨ। ਇਸ ਯਤਨ ’ਚ ਨਿਸ਼ਚਿਤ ਤੌਰ 'ਤੇ ਕਮਾਂਡਰ-ਇਨ-ਚੀਫ਼ ਕੋਲ ਅਮਰੀਕੀ ਫੌਜ ਦੀ ਵਰਤੋਂ ਹਮੇਸ਼ਾ ਇਕ ਵਿਕਲਪ ਹੈ।' ਦੂਜੇ ਪਾਸੇ, ਡੈਨਮਾਰਕ ਦੇ ਕਬਜ਼ੇ ਹੇਠ ਗ੍ਰੀਨਲੈਂਡ ਲਗਾਤਾਰ ਕਹਿ ਰਿਹਾ ਹੈ ਕਿ ਉਹ ਅਮਰੀਕਾ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਮੁੱਖ ਯੂਰਪੀ ਤਾਕਤਾਂ ਅਤੇ ਕੈਨੇਡਾ ਨੇ ਇਸ ਆਰਕਟਿਕ ਖੇਤਰ ਲਈ ਇਕਜੁਟਤਾ ਦਿਖਾਈ ਹੈ। ਟਰੰਪ ਦੇ ਇਸ ਕਦਮ ਨਾਲ ਅਮਰੀਕਾ ਦੇ ਲੰਮੇ ਸਮੇਂ ਦੇ ਸਹਿਯੋਗੀ ਡੈਨਮਾਰਕ, ਯੂਰਪ ਅਤੇ ਨੈਟੋ ਵਿੱਚ ਭਾਜੜ ਮਚ ਗਈ ਹੈ।
ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਗ੍ਰੀਨਲੈਂਡ ਦੀ ਲੋੜ ਹੈ। ਆਰਕਟਿਕ ਖੇਤਰ ਵਿੱਚ ਰੂਸ ਅਤੇ ਚੀਨ ਦੀ ਹਾਜ਼ਰੀ ਵੱਧ ਰਹੀ ਹੈ। ਇਹ ਰਣਨੀਤਿਕ ਮਾਮਲਾ ਹੈ। ਗ੍ਰੀਨਲੈਂਡ ਹਰ ਪਾਸਿਓਂ ਰੂਸੀ ਅਤੇ ਚੀਨੀ ਜਹਾਜ਼ਾਂ ਨਾਲ ਘਿਰਿਆ ਹੋਇਆ ਹੈ। ਡੈਨਮਾਰਕ ਸੁਰੱਖਿਆ ਕਰਨ ਦੇ ਯੋਗ ਨਹੀਂ ਹੋਵੇਗਾ। ਟਰੰਪ ਨੇ ਪਿਛਲੇ ਸਾਲ ਵੀ ਗ੍ਰੀਨਲੈਂਡ 'ਤੇ ਅਮਰੀਕਾ ਦੇ ਕੰਟਰੋਲ ਦੀ ਗੱਲ ਕੀਤੀ ਸੀ। ਡੈਨਮਾਰਕ ਦੇ ਕੰਟਰੋਲ ਵਾਲਾ ਗ੍ਰੀਨਲੈਂਡ ਯੂਰਪ ਅਤੇ ਉੱਤਰੀ ਅਮਰੀਕਾ ਦੇ ਵਿਚਕਾਰ ਸਥਿਤ ਹੈ। ਅਮਰੀਕਾ ਉਥੇ ਬੈਲਿਸਟਿਕ ਮਿਸਾਈਲ ਡਿਫੈਂਸ ਸਿਸਟਮ ਤੈਨਾਤ ਕਰਨਾ ਚਾਹੁੰਦਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਪਣੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਟਰੰਪ ਗੱਲਬਾਤ ਰਾਹੀਂ ਗ੍ਰੀਨਲੈਂਡ ਹਾਸਲ ਕਰਨਾ ਚਾਹੁੰਦੇ ਹਨ। ਵ੍ਹਾਈਟ ਹਾਊਸ ਦਾ ਹਾਲੀਆ ਸਖ਼ਤ ਬਿਆਨ ਅਮਰੀਕਾ ਵਲੋਂ ਕਿਸੇ ਫੌਜੀ ਕਾਰਵਾਈ ਦਾ ਸੰਕੇਤ ਨਹੀਂ ਹੈ। ਟਰੰਪ ਗ੍ਰੀਨਲੈਂਡ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਸਗੋਂ ਉਸ ਨੂੰ ਖਰੀਦਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਗ੍ਰੀਨਲੈਂਡ ਦੇ ਭਵਿੱਖ ਲਈ ਡੈਨਮਾਰਕ 'ਤੇ ਗੱਲਬਾਤ ਕਰਨ ਲਈ ਦਬਾਅ ਬਣਾਉਣਾ ਹੈ।
ਡੈਨਮਾਰਕ ਅਤੇ ਗ੍ਰੀਨਲੈਂਡ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਗ੍ਰੀਨਲੈਂਡ ਬਾਰੇ ਵਾਈਟ ਹਾਊਸ ਦੇ ਤਾਜਾ ਬਿਆਨ ਦੇ ਬਾਅਦ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੇਡਰੀਕਸਨ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਜੇ ਅਮਰੀਕਾ ਗ੍ਰੀਨਲੈਂਡ 'ਤੇ ਕਬਜ਼ਾ ਕਰਦਾ ਹੈ ਤਾਂ ਇਸ ਦਾ ਸਿੱਧਾ ਅਰਥ ਨਾਟੋ ਫ਼ੌਜੀ ਗਠਜੋੜ ਦਾ ਅੰਤ ਹੋਵੇਗਾ। ਜਦਕਿ ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ ਅਤੇ ਬ੍ਰਿਟੇਨ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਖਣਿਜ ਪਦਾਰਥਾਂ ਨਾਲ਼ ਭਰਪੂਰ ਇਸ ਟਾਪੂ 'ਤੇ ਪਹਿਲਾ ਹੱਕ ੳਥੋਂ ਦੇ ਲੋਕਾਂ ਦਾ ਹੈ। ਜਦਕਿ ਸਵਿੱਟਜ਼ਰਲੈਂਡ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਦੀ ਸਥਿਤੀ ਵਿੱਚ ਕਿਸੇ ਵੀ ਬਦਲਾਅ ਲਈ ਡੈਨਮਾਰਕ ਅਤੇ ਗ੍ਰੀਨਲੈਂਡ ਦੀ ਸਹਿਮਤੀ ਜ਼ਰੂਰੀ ਹੈ।