ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਫੈਲੀ ਬਿਮਾਰੀ ਨੇ ਗੰਭੀਰ ਰੂਪ ਧਾਰ ਲਿਆ ਹੈ। ਪਾਣੀ ਸੰਕਟ ਨਾਲ ਜੁੜੇ ਇਸ ਮਾਮਲੇ ਵਿੱਚ 17ਵੀਂ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸਥਿਤੀ ਨੂੰ “ਸਥਾਨਕ ਮਹਾਮਾਰੀ” ਘੋਸ਼ਿਤ ਕਰ ਦਿੱਤਾ ਹੈ।
ਪ੍ਰਸ਼ਾਸਨ ਦੇ ਅਨੁਸਾਰ, ਪ੍ਰਭਾਵਿਤ ਇਲਾਕੇ ਵਿੱਚ ਇੱਕ ਹੀ ਸਮੇਂ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋਏ ਹਨ। ਜ਼ਿਆਦਾਤਰ ਮਰੀਜ਼ ਉਲਟੀਆਂ, ਦਸਤ, ਤੇਜ਼ ਬੁਖਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਨਾਲ ਹਸਪਤਾਲਾਂ ਵਿੱਚ ਦਾਖ਼ਲ ਹਨ। ਕਈ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਏਮਜ਼ ਭੋਪਾਲ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀਆਂ ਮਾਹਰ ਟੀਮਾਂ ਇੰਦੌਰ ਪਹੁੰਚ ਗਈਆਂ ਹਨ। ਇਹ ਟੀਮਾਂ ਪਾਣੀ ਸਪਲਾਈ ਲਾਈਨ ਵਿੱਚ ਬੈਕਟੀਰੀਆ ਦੂਸ਼ਣ ਦੇ ਸਰੋਤ, ਲੀਕ ਅਤੇ ਗੰਦਗੀ ਦੇ ਦਾਖ਼ਲੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ।
ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰ ਵਿੱਚ ਪੂਰੀ ਪਾਣੀ ਸਪਲਾਈ ਲਾਈਨ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਲੀਕ ਹੋਈਆਂ ਲਾਈਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਪਾਣੀ ਦੇ ਨਮੂਨੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਸਾਵਧਾਨੀ ਵਜੋਂ ਟੈਂਕਰਾਂ ਰਾਹੀਂ ਸਾਫ਼ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਉਬਾਲਿਆ ਜਾਂ ਬੋਤਲਬੰਦ ਪਾਣੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਘਰ-ਘਰ ਸਰਵੇਖਣ ਕਰਕੇ ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੂੰ ਵੀ ਬਿਮਾਰੀ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ, ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ ਅਤੇ ਪਾਣੀ ਉਬਾਲ ਕੇ ਪੀਣ ਦੀ ਅਪੀਲ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਇੰਦੌਰ ਦੇ ਇੱਕ ਖੇਤਰ ਵਿੱਚ ਅਚਾਨਕ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ। ਜਾਂਚ ਦੌਰਾਨ ਪਤਾ ਚਲਿਆ ਕਿ ਇਥੇ ਪਾਣੀ ਸਪਲਾਈ ਵਾਲੀ ਲਾਈਨ ਵਿੱਚ ਗੰਦਗੀ ਹੈ, ਜਿਸ ਤੋਂ ਬਾਅਦ ਸਪਲਾਈ ਬੰਦ ਕਰ ਦਿੱਤੀ ਗਈ। ਇਥੇ ਹੁਣ ਮੌਤਾਂ ਦੀ ਗਿਣਤੀ 17 ਹੋ ਚੁੱਕੀ ਹੈ, ਜਿਸ ਨਾਲ ਸਿਹਤ ਵਿਭਾਗ ਅਤੇ ਨਗਰ ਨਿਗਮ ’ਤੇ ਦਬਾਅ ਕਾਫ਼ੀ ਵਧ ਗਿਆ ਹੈ।