ਨਵੀਂ ਦਿੱਲੀ/ਕਰੂਰ —
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਰੂਰ ਭਗਦੜ ਮਾਮਲੇ ਦੇ ਸਬੰਧ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਤੋਂ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ, ਵਿਜੇ, ਜੋ ਕਿ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਦੇ ਮੁਖੀ ਹਨ, ਨੇ ਘਟਨਾ ਵਿੱਚ ਆਪਣੀ ਪਾਰਟੀ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ।
ਇੰਡੀਆ ਟੂਡੇ ਦੀ ਇੱਕ ਅਧਿਕਾਰਤ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ , ਵਿਜੇ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਕਰੂਰ ਸਥਾਨ ਤੋਂ ਆਪਣੇ ਆਪ ਹੀ ਚਲੇ ਗਏ ਸਨ, ਇਸ ਡਰੋਂ ਕਿ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਹਫੜਾ-ਦਫੜੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਟੀਵੀਕੇ ਵੱਲੋਂ ਕੋਈ ਹਦਾਇਤ ਜਾਂ ਭੜਕਾਹਟ ਨਹੀਂ ਸੀ ਜਿਸ ਕਾਰਨ ਭਗਦੜ ਹੋਈ। ਸੀਬੀਆਈ ਨੇ ਕਥਿਤ ਤੌਰ 'ਤੇ ਭੀੜ ਦੇ ਪ੍ਰਬੰਧਾਂ, ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਅਤੇ ਘਟਨਾ ਵਾਲੇ ਦਿਨ ਦੀਆਂ ਘਟਨਾਵਾਂ ਦੇ ਕ੍ਰਮ ਬਾਰੇ ਪੁੱਛਗਿੱਛ ਕੀਤੀ। ਸੂਤਰਾਂ ਨੇ ਕਿਹਾ ਕਿ ਵਿਜੇ ਨੇ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ।
ਤਾਮਿਲਨਾਡੂ ਸੂਬੇ ਦੇ ਸ਼ਹਿਰ ਕਰੂਰ 'ਚ 27 ਸਤੰਬਰ, 2025 ਨੂੰ ਇੱਕ ਸਿਆਸੀ ਰੈਲੀ ਦੌਰਾਨ ਦੁਖਦਾਈ ਘਟਨਾ ਵਾਪਰੀ ਸੀ, ਜਿਸ ਨੂੰ ਕਰੂਰ ਭਗਦੜ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ। ਦੱਖਣ ਦੀਆਂ ਫ਼ਿਲਮਾਂ ਦੇ ਸਟਾਰ ਕਲਾਕਾਰ ਥਲਾਪਤੀ ਵਿਜੇ ਦੀ ਆਪਣੀ ਸਿਆਸੀ ਪਾਰਟੀ ਤਮਿਲਗਾ ਵੇਤਰੀ ਕਜ਼ਗਮ (TVK) ਦੀ ਰੈਲੀ ਸੀ।
ਵਿਜੇ 2026 ਦੀਆਂ ਤਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ। ਇਹ ਸਮਾਗਮ ਕਰੂਰ–ਏਰੋਡ ਹਾਈਵੇ 'ਤੇ ਵੇਲੁਸਾਮੀਪੁਰਮ ਵਿੱਚ ਰੱਖਿਆ ਗਿਆ ਸੀ। ਉਥੇ 10 ਹਜ਼ਾਰ ਦੇ ਕਰੀਬ ਲੋਕਾਂ ਦੀ ਆਮਦ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਇੱਕ ਮੋਟੇ ਅਨੁਮਾਨ ਮੁਤਾਬਕ ਉਥੇ 27 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਸਵੇਰ ਤੋਂ ਹੀ ਮੈਦਾਨ 'ਚ ਆਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ। ਵਿਜੇ ਨੂੰ ਉਥੇ ਪੁੱਜਣ ਵਿੱਚ ਸੱਤ ਘੰਟਿਆਂ ਦੀ ਦੇਰੀ ਹੋ ਗਈ। ਉਹ ਉਥੇ ਸ਼ਾਮੀਂ ਸਾਢੇ 7 ਵਜੇ ਪੁੱਜੇ।
ਹੁਣ ਇੱਕ ਮਕਬੂਲ–ਤਰੀਨ ਫ਼ਿਲਮ ਅਦਾਕਾਰ ਨੂੰ ਵੇਖਣ ਲਈ ਭੀੜ ਦਾ ਇੱਕ ਪਾਸੇ ਉਲਾਰ ਹੋਣਾ ਭਾਰਤ ਵਿੱਚ ਆਮ ਗੱਲ ਹੈ। ਉਹੀ ਹੋਇਆ। ਲੋਕ ਤਾਂ ਪਹਿਲਾਂ ਹੀ ਸਟਾਰ ਕਲਾਕਾਰ ਵਿਜੇ ਨੂੰ ਉਡੀਕਦਿਆਂ ਬਹੁਤ ਜ਼ਿਆਦਾ ਅੱਕ ਤੇ ਹੰਭ ਚੁੱਕੇ ਸਨ। ਜਦੋਂ ਉਨ੍ਹਾਂ ਦੇ ਆਉਣ ਦੀ ਖ਼ਬਰ ਮਿਲ਼ੀ, ਤਾਂ ਬੇਚੈਨ ਭੀੜ ਵਿਜੇ ਦੇ ਵੱਡੇ ਵਾਹਨ ਵੱਲ ਵਧਣ ਲੱਗ ਪਈ। ਲੋਕ ਬੈਰੀਕੇਡਾਂ ਨੂੰ ਤੋੜਦੇ ਹੋਏ ਅੱਗੇ ਵਧੇ, ਤਾਂ ਜੋ ਉਹ ਆਪਣੇ ਪਿਆਰੇ ਕਲਾਕਾਰ ਨੂੰ ਵੇਖ ਤੇ ਸੁਣ ਸਕਣ। ਇੰਨੇ ਨੂੰ ਵਿਜੇ ਦੇ ਵਾਹਨ 'ਚ ਲੱਗਿਆ ਹੋਇਆ ਮਾਈਕ ਵੀ ਖ਼ਰਾਬ ਹੋ ਗਿਆ।
ਉਥੇ ਭੀੜ–ਭੜੱਕਾ ਇੰਨਾ ਜ਼ਿਆਦਾ ਹੋ ਗਿਆ ਕਿ ਗਰਮੀ ਤੇ ਹੁੰਮਸ ਕਾਰਣ ਲੋਕ ਬੇਹੋਸ਼ ਹੋਣ ਲੱਗ ਪਏ। ਲੋਕ ਵਿਜੇ ਦੀ ਬੱਸ ਦੇ ਪਿੱਛੇ ਭੱਜਣ ਲੱਗੇ। ਉਥੇ ਹੀ ਭਗਦੜ ਵਿੱਚ 41 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਸਵਾ ਸੌ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।
ਬਾਅਦ ਵਿੱਚ ਮੀਡੀਆ ਦੀਆਂ ਤੇ ਹੋਰ ਜਾਂਚ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਮਨੁੱਖੀ ਗ਼ਲਤੀ ਕਾਰਣ ਵਾਪਰਿਆ ਹਾਦਸਾ ਮੰਨਿਆ ਗਿਆ।