ਨਵੀਂ ਦਿੱਲੀ :ਦੇਸ਼ ਭਰ ਦੇ ਬੈਂਕ ਕਰਮਚਾਰੀ ਮੰਗਲਵਾਰ, 27 ਜਨਵਰੀ 2026 ਨੂੰ ਇੱਕ ਦਿਨ ਦੀ ਦੇਸ਼ ਵਿਆਪੀ ਹੜਤਾਲ ’ਤੇ ਜਾਣਗੇ। ਇਸ ਤੋਂ ਇਕ ਦਿਨ ਪਹਿਲਾਂ, ਸੋਮਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਹੋਣ ਕਾਰਨ ਬੈਂਕ ਪਹਿਲਾਂ ਹੀ ਬੰਦ ਰਹਿਣਗੇ। ਇਸ ਤਰ੍ਹਾਂ 26 ਅਤੇ 27 ਜਨਵਰੀ ਨੂੰ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣ ਦੀ ਸੰਭਾਵਨਾ ਹੈ। ਦਰਅਸਲ 24 ਜਨਵਰੀ ਨੂੰ ਦੂਜਾ ਸ਼ਨੀਵਾਰ ਹੋਣ ਕਰਕੇ ਪਹਿਲਾਂ ਹੀ ਛੁੱਟੀ ਹੈ, 25 ਨੂੰ ਐਤਵਾਰ ਤੇ 26 ਨੂੰ ਗਣਤੰਤਰ ਦਿਵਸ ਦੀ ਛੁੱਟੀ ਤੈਅ ਹੈ। ਸਮੱਸਿਆ ਇਹ ਹੈ ਕਿ ਇਨ੍ਹਾਂ ਛੁੱਟੀਆਂ ਦੇ ਬਾਅਦ 27 ਨੂੰ ਬੈਂਕਾਂ ਦੀ ਹੜਤਾਲ ਘੋਸ਼ਿਤ ਕਰ ਦਿੱਤੀ ਗਈ ਹੈ।
ਹੜਤਾਲ ਤੋਂ ਬਾਅਦ ਬੁੱਧਵਾਰ, 28 ਜਨਵਰੀ ਨੂੰ ਬੈਂਕਾਂ ਦੇ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ, ਪਰ ਲਗਾਤਾਰ ਦੋ ਦਿਨ ਕੰਮ ਨਾ ਹੋਣ ਅਤੇ ਹੜਤਾਲ ਕਾਰਨ ਇਕੱਠੇ ਹੋਏ ਬਕਾਇਆ ਕੰਮ ਕਰਕੇ 28 ਅਤੇ 29 ਜਨਵਰੀ ਨੂੰ ਸੇਵਾਵਾਂ ਅੰਸ਼ਕ ਤੌਰ ’ਤੇ ਪ੍ਰਭਾਵਿਤ ਰਹਿ ਸਕਦੀਆਂ ਹਨ। ਬੈਂਕਿੰਗ ਕਾਰਜ 29 ਜਨਵਰੀ ਤੋਂ ਬਾਅਦ ਆਮ ਵਾਂਗ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਮੰਗ
ਇਹ ਹੜਤਾਲ ਬੈਂਕਾਂ ਵਿੱਚ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੈ। ਬੈਂਕ ਯੂਨੀਅਨਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ’ਤੇ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ ਅਤੇ ਸਟਾਫ ਦੀ ਘਾਟ ਕਾਰਨ ਸ਼ਾਖਾਵਾਂ ਵਿੱਚ ਕੰਮਕਾਜ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਯੂਨੀਅਨਾਂ ਮੁਤਾਬਕ, ਮੌਜੂਦਾ ਪ੍ਰਣਾਲੀ ਕਰਮਚਾਰੀਆਂ ਦੇ ਕੰਮ-ਜੀਵਨ ਸੰਤੁਲਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀ ਹੈ।
ਯੂਨੀਅਨਾਂ ਨੇ ਦਲੀਲ ਦਿੱਤੀ ਹੈ ਕਿ ਜਦੋਂ ਭਾਰਤੀ ਰਿਜ਼ਰਵ ਬੈਂਕ, ਭਾਰਤੀ ਜੀਵਨ ਬੀਮਾ ਨਿਗਮ ਅਤੇ ਹੋਰ ਵਿੱਤੀ ਸੰਸਥਾਵਾਂ ਪਹਿਲਾਂ ਹੀ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ ’ਤੇ ਕੰਮ ਕਰ ਰਹੀਆਂ ਹਨ, ਤਾਂ ਬੈਂਕ ਕਰਮਚਾਰੀਆਂ ਨੂੰ ਇਸ ਤੋਂ ਵੱਖਰਾ ਰੱਖਣ ਦਾ ਕੋਈ ਤਰਕ ਨਹੀਂ ਬਣਦਾ।
ਕਿਹੜੀਆਂ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ
ਹੜਤਾਲ ਕਾਰਨ ਨਕਦ ਲੈਣ-ਦੇਣ, ਚੈੱਕ ਕਲੀਅਰੈਂਸ, ਡਰਾਫਟ, ਪਾਸਬੁੱਕ ਅਪਡੇਟ ਅਤੇ ਹੋਰ ਕਾਊਂਟਰ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਕੁਝ ਸਰਕਾਰੀ ਭੁਗਤਾਨ, ਸਬਸਿਡੀਆਂ ਅਤੇ ਪੈਨਸ਼ਨ ਸਬੰਧੀ ਕੰਮਾਂ ਵਿੱਚ ਵੀ ਦੇਰੀ ਹੋ ਸਕਦੀ ਹੈ। ਹਾਲਾਂਕਿ, ਏਟੀਐਮ, ਯੂਪੀਆਈ, ਇੰਟਰਨੈਟ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਆਮ ਤੌਰ ’ਤੇ ਚਾਲੂ ਰਹਿਣ ਦੀ ਉਮੀਦ ਹੈ।
ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਨਾ ਨਿਕਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਇਸ ਕਰਕੇ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਹੜਤਾਲ ਤੋਂ ਪਹਿਲਾਂ ਆਪਣੇ ਜ਼ਰੂਰੀ ਬੈਂਕਿੰਗ ਕੰਮ ਨਿਪਟਾ ਲੈਣ।