ਲੰਡਨ ਦੀਆਂ ਇਤਿਹਾਸਕ ਸੜਕਾਂ ’ਤੇ ਜਦੋਂ 2026 ਦੀ ਮੈਰਾਥਨ ਦਾ ਆਗਾਜ਼ ਹੋਇਆ, ਤਾਂ ਇਹ ਮਹਿਜ਼ ਇੱਕ ਦੌੜ ਨਹੀਂ ਸੀ, ਸਗੋਂ ਮਨੁੱਖੀ ਹਿੰਮਤ ਅਤੇ ਪਰਉਪਕਾਰ ਦਾ ਇੱਕ ਵਿਸ਼ਾਲ ਸਮੁੰਦਰ ਸੀ। ਅੱਠ ਲੱਖ ਦਰਸ਼ਕਾਂ ਦੀਆਂ ਤਾਲੀਆਂ ਦੀ ਗੂੰਜ ਵਿੱਚ, ਜਿੱਥੇ ਕੇਨੀਆ ਦੇ ਸਬਾਸਟੀਅਨ ਸਾਵੇ ਨੇ 1:59:30 ਦੇ ਸਮੇਂ ਨਾਲ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ, ਉੱਥੇ ਹੀ ਸਿੱਖ ਭਾਈਚਾਰੇ ਦੇ ਸਿਰੜੀ ਯੋਧਿਆਂ ਨੇ ਵੀ ਅਜਿਹੀ ਇਬਾਰਤ ਲਿਖੀ ਕਿ ਪੂਰੀ ਦੁਨੀਆ ਅਸ਼-ਅਸ਼ ਕਰ ਉੱਠੀ।
ਇਸ ਦੌੜ ਦਾ ਸਭ ਤੋਂ ਉੱਚਾ ਬੁਰਜ ਬਣ ਕੇ ਉੱਭਰੇ ਹਿਲਿੰਗਡਨ ਦੇ ਕੌਂਸਲਰ ਸ. ਜਗਜੀਤ ਸਿੰਘ ਹਰਦੋ ਪ੍ਰਹੌਲਾ। ਉਨ੍ਹਾਂ ਨੇ ਆਪਣੀ 600ਵੀਂ ਮੈਰਾਥਨ ਪੂਰੀ ਕਰਕੇ ਅਜਿਹਾ ਮੀਲ ਪੱਥਰ ਸਥਾਪਿਤ ਕੀਤਾ ਹੈ, ਜਿਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਹ ਦੌੜ ਰਿਕਾਰਡ ਲਈ ਨਹੀਂ, ਸਗੋਂ 'ਲਿਓਨਾਰਡ ਚੇਸ਼ਾਇਰ' ਚੈਰਿਟੀ ਰਾਹੀਂ ਅਪਾਹਜਾਂ ਦੀ ਬਾਂਹ ਫੜਨ ਲਈ ਸੀ। 600 ਦੀ ਗਿਣਤੀ ਸਿਰਫ਼ ਅੰਕੜਾ ਨਹੀਂ, ਸਗੋਂ ਜਗਜੀਤ ਸਿੰਘ ਦੇ ਆਪਣੇ ਮਾਪਿਆਂ ਪ੍ਰਤੀ ਸਤਿਕਾਰ ਅਤੇ ਇਨਸਾਨੀਅਤ ਦੀ ਸੇਵਾ ਦਾ ਸਿਖਰ ਹੈ।
ਦੂਜੇ ਪਾਸੇ, 80 ਸਾਲਾਂ ਦੀ ਉਮਰ ਵਿੱਚ ਜਦੋਂ ਹੱਡੀਆਂ ਜਵਾਬ ਦੇਣ ਲੱਗਦੀਆਂ ਹਨ, ਉੱਥੇ ਬਲਦੇਵ ਸਿੰਘ ਬੈਂਸ ਨੇ ਆਪਣੀ ਪਹਿਲੀ ਮੈਰਾਥਨ ਪੂਰੀ ਕਰਕੇ ਨੌਜਵਾਨਾਂ ਦੇ ਦਿਲਾਂ ਵਿੱਚ ਜੋਸ਼ ਭਰ ਦਿੱਤਾ। ਬਾਬਾ ਫੌਜਾ ਸਿੰਘ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਬੈਂਸ ਨੇ ਸਿੱਧ ਕਰ ਦਿੱਤਾ ਕਿ ਉਮਰ ਸਿਰਫ਼ ਇੱਕ ਅੰਕੜਾ ਹੈ, ਜੇ ਇੱਛਾ ਸ਼ਕਤੀ ਬੁਲੰਦ ਹੋਵੇ। ਇਸੇ ਤਰ੍ਹਾਂ 'ਸਿੱਖਸ ਇਨ ਦਾ ਸਿਟੀ' ਦੇ ਕੋਚ ਹਰਮੰਦਰ ਸਿੰਘ ਨੇ ਆਪਣੀ 41ਵੀਂ ਲਗਾਤਾਰ ਮੈਰਾਥਨ ਦੌੜ ਕੇ ਸਿੱਖੀ ਸਰੂਪ ਅਤੇ ਸਿਹਤ ਦੇ ਸੁਮੇਲ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ।
ਲੰਡਨ ਮੈਰਾਥਨ ਦਾ ਇਹ ਸਫ਼ਰ ਸਾਨੂੰ ਦੱਸਦਾ ਹੈ ਕਿ ਜਦੋਂ ਦੌੜ ਪੈਰਾਂ ਨਾਲ ਨਹੀਂ, ਸਗੋਂ ‘ਸੇਵਾ’ ਦੇ ਸੰਕਲਪ ਨਾਲ ਲਗਾਈ ਜਾਵੇ, ਤਾਂ ਮੰਜ਼ਿਲਾਂ ਆਪਣੇ-ਆਪ ਸਲਾਮ ਕਰਦੀਆਂ ਹਨ।