ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ‘ਯੁੱਧ ਨਸ਼ਿਆਂ ਵਿਰੁੱਧ 2.0’ ਤਹਿਤ ਪਿੰਡਾਂ ਵਿੱਚ ਕਰਵਾਈਆਂ ਜਾ ਰਹੀਆਂ ਪਦਯਾਤਰਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਸਮੀਖਿਆ ਵੀਡੀਓ ਕਾਨਫਰੰਸ ਰਾਹੀਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਿਰਫ਼ ਲਾਗੂਕਰਨ ਤੱਕ ਸੀਮਿਤ ਨਾ ਰੱਖ ਕੇ ਇਸਨੂੰ ਵਿਆਪਕ ਲੋਕ ਲਹਿਰ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪਦਯਾਤਰਾਵਾਂ ਨੂੰ ਸਮਾਵੇਸ਼ੀ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਜੋ ਹਰ ਵਰਗ ਦੀ ਭਾਗੀਦਾਰੀ ਯਕੀਨੀ ਹੋ ਸਕੇ।
ਨਸ਼ਾ ਪੀੜਤਾਂ ਦੀ ਰਿਕਵਰੀ ਅਤੇ ਮੁੜ ਵਸੇਬੇ ਨੂੰ ਅਹਿਮ ਦੱਸਦਿਆਂ ਸਿਹਤ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਉਹ ITI, ਕ੍ਰਿਸ਼ੀ ਵਿਕਾਸ ਕੇਂਦਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਉਦਯੋਗਿਕ ਇਕਾਈਆਂ ਨਾਲ ਸਹਿਯੋਗ ਕਰਕੇ ਨਸ਼ਿਆਂ ਤੋਂ ਉਭਰ ਰਹੇ ਵਿਅਕਤੀਆਂ ਨੂੰ ਨੌਕਰੀ-ਅਧਾਰਤ ਹੁਨਰ ਸਿਖਲਾਈ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਨਸ਼ਾ ਮੁਕਤੀ ਤੋਂ ਬਾਅਦ ਸਫਲ ਜੀਵਨ ਲਈ ਅਹਿਮ ਕੜੀ ਹਨ।
ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਨਾ ਤਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੀ ਹੈ ਅਤੇ ਨਾ ਹੀ ਕਿਸੇ ਚੋਣੀ ਲਾਭ ਲਈ ਹੈ। “ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਲੜਾਈ ਹੈ। ਸਾਨੂੰ ਸਾਰੇ ਸਿਆਸੀ ਅਤੇ ਸਮਾਜਿਕ ਫ਼ਰਕਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੋਵੇਗਾ,” ਉਨ੍ਹਾਂ ਕਿਹਾ।
ਸਮਾਜਿਕ ਕਲੰਕ ਨੂੰ ਨਸ਼ਾ ਮੁਕਤੀ ਦੇ ਰਾਹ ਵਿੱਚ ਵੱਡੀ ਰੁਕਾਵਟ ਦੱਸਦਿਆਂ, ਉਨ੍ਹਾਂ ਕਿਹਾ ਕਿ ਪਦਯਾਤਰਾਵਾਂ ਦਾ ਇੱਕ ਮੁੱਖ ਉਦੇਸ਼ ਨਸ਼ਾ ਪੀੜਤਾਂ ਨਾਲ ਜੁੜੀ ਨਕਾਰਾਤਮਕ ਸੋਚ ਨੂੰ ਤੋੜਨਾ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਕੇ ਇਸਨੂੰ ਲੋਕ ਅੰਦੋਲਨ ਬਣਾਇਆ ਜਾਵੇ।
ਮੀਟਿੰਗ ਵਿੱਚ ਸਟੇਟ ਹੈਲਥ ਏਜੰਸੀ ਦੇ ਸੀਈਓ ਅਤੇ ਨੋਡਲ ਅਫਸਰ ਸੰਯਮ ਅਗਰਵਾਲ, ਡਾਇਰੈਕਟਰ ESI ਡਾ. ਅਨਿਲ ਗੋਇਲ, ਡਿਪਟੀ ਸੀਈਓ SHA ਡਾ. ਜਤਿੰਦਰ ਕਾਂਸਲ ਅਤੇ ਡਾ. ਸੁਰਿੰਦਰ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।