ਬਠਿੰਡਾ :
ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਰੋਡ ’ਤੇ ਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਤਲਵੰਡੀ ਸਾਬੋ ਨੇੜੇ ਉਸ ਸਮੇਂ ਵਾਪਰਿਆ, ਜਦੋਂ ਦੋ ਕਾਰਾਂ ਆਪਸ ਵਿੱਚ ਟੱਕਰਾਂ ਗਈਆਂ।
ਮ੍ਰਿਤਕ ਦੀ ਪਛਾਣ ਅਮਰਜੀਤ ਕੌਰ (45) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਦਾ ਇੱਕ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਘਣੀ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਦੋਨਾਂ ਕਾਰਾਂ ਵਿਚਕਾਰ ਅਚਾਨਕ ਟੱਕਰ ਹੋ ਗਈ, ਜਿਸ ਵਿੱਚ ਅਮਰਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਮ੍ਰਿਤਕ ਦਾ ਪੁੱਤਰ ਅਮਨਦੀਪ ਸਿੰਘ (22) ਲੱਤ ’ਤੇ ਗੰਭੀਰ ਸੱਟਾਂ ਨਾਲ ਜ਼ਖ਼ਮੀ ਹੋ ਗਿਆ, ਜਦਕਿ ਧੀ ਮਨਜਿੰਦਰ ਕੌਰ (25) ਦੇ ਸਿਰ ’ਤੇ ਗੰਭੀਰ ਚੋਟ ਲੱਗੀ ਹੈ। ਦੋਵੇਂ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਹੇ ਸਨ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸਨੂੰ ਇਲਾਜ ਲਈ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਧੁੰਦ ਕਾਰਨ ਦਿੱਖ ਘੱਟ ਹੋਣਾ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕ ਦੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।