ਹੁਸ਼ਿਆਰਪੁਰ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜੋਧਾਮਲ ਰੋਡ ਸਥਿਤ ਰਿਹਾਇਸ਼ੀ ਘਰ ‘ਤੇ ਪ੍ਰਵਰਤਨ ਨਿਦੇਸ਼ਾਲਾ (ED) ਅਤੇ ਆਮਦਨ ਕਰ ਵਿਭਾਗ (IT) ਵੱਲੋਂ ਕੀਤੀ ਗਈ ਸਾਂਝੀ ਛਾਪੇਮਾਰੀ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋ ਗਈ। ਇਹ ਕਾਰਵਾਈ 28 ਜਨਵਰੀ ਨੂੰ ਸਵੇਰੇ ਕਰੀਬ 6:30 ਵਜੇ ਸ਼ੁਰੂ ਹੋਈ ਸੀ ਅਤੇ ਲਗਭਗ 62 ਘੰਟੇ ਤੱਕ ਜਾਰੀ ਰਹੀ।
ਛਾਪੇਮਾਰੀ ਦੌਰਾਨ ਜਾਂਚ ਏਜੰਸੀਆਂ ਦੀਆਂ ਟੀਮਾਂ ਲਗਾਤਾਰ ਘਰ ਵਿੱਚ ਮੌਜੂਦ ਰਹੀਆਂ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੂਤਰਾਂ ਅਨੁਸਾਰ, ਜਾਂਚ ਦੌਰਾਨ ਵਿੱਤੀ ਦਸਤਾਵੇਜ਼ਾਂ, ਬੈਂਕ ਲੈਣ-ਦੇਣ, ਇਲੈਕਟ੍ਰਾਨਿਕ ਰਿਕਾਰਡਾਂ ਅਤੇ ਚੰਡੀਗੜ੍ਹ ਤੇ ਮੋਹਾਲੀ ਵਿੱਚ ਕੰਪਨੀਆਂ ਅਤੇ ਜਾਇਦਾਦਾਂ ਨਾਲ ਜੁੜੇ ਕਾਰੋਬਾਰੀ ਲਿੰਕਾਂ ਬਾਰੇ ਪੁੱਛਗਿੱਛ ਕੀਤੀ ਗਈ।
ਸ਼ੁੱਕਰਵਾਰ ਰਾਤ ਕਰੀਬ 12:15 ਵਜੇ ਜਾਂਚ ਏਜੰਸੀਆਂ ਨਾਲ ਸੰਬੰਧਤ ਵਾਹਨ ਅਰੋੜਾ ਦੇ ਘਰ ਤੋਂ ਰਵਾਨਾ ਹੋ ਗਏ। ਫਿਲਹਾਲ, ED ਜਾਂ IT ਵਿਭਾਗ ਵੱਲੋਂ ਕਿਸੇ ਗ੍ਰਿਫ਼ਤਾਰੀ, ਨਕਦੀ ਜਾਂ ਜਾਇਦਾਦ ਦੀ ਜ਼ਬਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਡਿਜ਼ੀਟਲ ਸਬੂਤਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਆਧਾਰ ‘ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਇਸ ਕਾਰਵਾਈ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਤੇਜ਼ ਹੈ। ਸਥਾਨਕ ਲੋਕਾਂ ਮੁਤਾਬਕ, ਛਾਪੇਮਾਰੀ ਦੌਰਾਨ ਇਲਾਕੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਰਹੇ ਅਤੇ ਪੂਰੇ ਖੇਤਰ ‘ਤੇ ਨਿਗਰਾਨੀ ਬਣਾਈ ਰੱਖੀ ਗਈ। ਜਾਂਚ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਾਂ ਤੋਂ ਚੱਲ ਰਹੀ ਜਾਂਚ ਦਾ ਹਿੱਸਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੁੱਛਗਿੱਛ ਦਾ ਦਾਇਰਾ ਵਧ ਸਕਦਾ ਹੈ।