ਨਵੀਂ ਦਿੱਲੀ:'ਸਰਵਾਈਕਲ ਕੈਂਸਰ' ਭਾਵ 'ਬੱਚੇਦਾਨੀ ਦੇ ਮੂੰਹ ਦਾ ਕੈਂਸਰ' ਬੱਚੇਦਾਨੀ ਦੀਆਂ ਕੋਸ਼ਿਕਾਵਾਂ ਦੇ ਵੱਡੇ ਪੱਧਰ 'ਤੇ ਤਬਦੀਲ ਹੋਣ ਕਾਰਨ ਹੁੰਦਾ ਹੈ। ਇਸ ਦਾ ਸਭ ਤੋਂ ਆਮ ਕਾਰਨ 'ਹਿਊਮਨ ਪੈਪੀਲੋਮਾ ਵਾਇਰਸ' ਹੈ। ਆਮ ਤੌਰ 'ਤੇ ਇਹ ਵਾਇਰਸ ਛੂਤ ਤੋਂ ਗ੍ਰਸਤ ਵਿਅਕਤੀ ਦੇ ਜਿਨਸੀ ਸੰਪਰਕ ਰਾਹੀਂ ਫੈਲਦਾ ਹੈ।
ਇਹ ਮਰਦ ਤੋਂ ਔਰਤ ਅਤੇ ਔਰਤ ਤੋਂ ਮਰਦ ਵਿੱਚ ਫੈਲ ਸਕਦਾ ਹੈ। 90 ਫੀਸਦੀ ਔਰਤਾਂ ਵਿੱਚ ਇਹ ਵਾਇਰਸ ਸ਼ਾਂਤ ਰਹਿੰਦਾ ਹੈ। ਇਹ ਮਿਆਦ 10-15 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ। ਜੇ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਕੈਂਸਰ ਤੋਂ ਬਚਣ ਦੀ ਸੰਭਾਵਨਾ ਕਾਫੀ ਹੱਦ ਤੱਕ ਵਧ ਜਾਂਦੀ ਹੈ।
ਭਾਰਤ ਵਿੱਚ 2022 ਦੌਰਾਨ ਸਰਵਾਈਕਲ ਕੈਂਸਰ ਦੇ ਇੱਕ ਲੱਖ 27 ਹਜ਼ਾਰ ਨਵੇਂ ਮਾਮਲੇ ਦਰਜ ਹੋਏ। ਹਰ 7-8 ਮਿੰਟ ਵਿੱਚ ਇੱਕ ਔਰਤ ਦੀ ਇਸ ਰੋਗ ਨਾਲ ਮੌਤ ਹੋ ਰਹੀ ਹੈ।
100 ਵਿੱਚੋਂ ਸਿਰਫ਼ ਦੋ ਔਰਤਾਂ ਹੀ ਇਸ ਕੈਂਸਰ ਦੀ ਜਾਂਚ ਕਰਵਾ ਰਹੀਆਂ ਹਨ। ਗਲੋਬੋਕਨ ਡੇਟਾ–2022 ਅਨੁਸਾਰ, ਅਮਰੀਕਾ ਵਿੱਚ ਇਹ ਅੰਕੜਾ 70 ਫੀਸਦੀ ਹੈ।
ਡਾ. ਸਾਰਿਕਾ ਗੁਪਤਾ ਦੱਸਦੇ ਹਨ ਕਿ ਕੈਂਸਰ ਨੂੰ ਇੱਕ ਲਾਇਲਾਜ ਰੋਗ ਮੰਨਿਆ ਗਿਆ ਹੈ, ਭਾਵੇਂ ਇਸ ਦਾ ਇਲਾਜ ਲੱਭਣ ਲਈ ਹੁਣ ਤੱਕ ਕਾਫ਼ੀ ਕੰਮ ਹੋ ਚੁੱਕਾ ਹੈ। ਔਰਤਾਂ ਨੂੰ ਹਰ ਤਿੰਨ ਸਾਲਾਂ ਵਿੱਚ ਪੈਪ ਸਮੀਅਰ ਅਤੇ HPV ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਨਾਲ ਕੈਂਸਰ ਦੀ ਪਛਾਣ ਸਮੇਂ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਕਿਉਂਕਿ ਸ਼ੁਰੂਆਤੀ ਸਟੇਜ ਵਿੱਚ ਲੱਛਣ ਨਹੀਂ ਦਿਸਦੇ, ਇਸ ਲਈ ਜ਼ਿਆਦਾਤਰ ਔਰਤਾਂ ਡਾਕਟਰ ਨਾਲ ਸੰਪਰਕ ਨਹੀਂ ਕਰਦੀਆਂ। ਦੂਜੀ-ਤੀਜੀ ਸਟੇਜ ਵਿੱਚ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ।
ਜੇ ਔਰਤਾਂ ਸਿਗਰਟਨੋਸ਼ੀ ਕਰਦੀਆਂ ਹਨ, ਤਾਂ ਇਹ HPV ਇਨਫ਼ੈਕਸ਼ਨ ਦੇ ਖਤਰੇ ਨੂੰ ਹੋਰ ਵਧਾ ਦਿੰਦਾ ਹੈ। ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਵਧੇਰੇ ਸਰਗਰਮ ਹੋ ਸਕਦੀਆਂ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਤੁਸੀਂ ਸਿਗਰਟਨੋਸ਼ੀ ਜਾਂ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲੜਕਿਆਂ ਨੂੰ ਵੀ ਵੈਕਸੀਨ ਲਗਵਾਓ, ਤਾਂ ਜੋ ਉਨ੍ਹਾਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋਵੇ ਅਤੇ ਉਹ ਇਸ ਵਾਇਰਸ ਦੇ ਵਾਹਕ ਨਾ ਬਣਨ। ਇੱਥੇ ਦੱਸ ਦੇਈਏ ਕਿ ਲੜਕੇ ਅਕਸਰ ਇਸ ਕੈਂਸਰ ਦੇ ਵਾਹਕ ਹੁੰਦੇ ਹਨ।
ਜੇ ਮਾਹਵਾਰੀ ਨਾਲ ਸਬੰਧਤ ਕੋਈ ਸਮੱਸਿਆ ਹੋਵੇ, ਤਾਂ ਸਿਰਫ਼ ਦਵਾਈਆਂ ਹੀ ਨਾ ਲਓ, ਇੱਕ ਵਾਰ ਜਾਂਚ ਜ਼ਰੂਰ ਕਰਵਾਓ। 9 ਤੋਂ 15 ਸਾਲ ਦੀਆਂ ਲੜਕੀਆਂ ਨੂੰ HPV ਵੈਕਸੀਨ ਲਗਵਾਓ। ਛੋਟੀ ਉਮਰ ਵਿੱਚ ਵੈਕਸੀਨ ਲਗਾਉਣ ਨਾਲ ਇਨਫੈਕਸ਼ਨ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਚੰਗੀ ਤਰ੍ਹਾਂ ਵਿਕਸਿਤ ਹੋ ਜਾਂਦੀ ਹੈ।
26 ਸਾਲ ਦੀ ਉਮਰ ਤੱਕ ਸਰਵਾਈਕਲ ਕੈਂਸਰ ਨਾਲ ਸਬੰਧਤ ਵੈਕਸੀਨ ਜ਼ਰੂਰ ਲਗਵਾ ਲਓ। ਇਸ ਤੋਂ ਬਾਅਦ 45-50 ਦੀ ਉਮਰ ਤੱਕ ਡਾਕਟਰੀ ਸਲਾਹ ਤੋਂ ਬਾਅਦ ਵੈਕਸੀਨ ਲਗਵਾਈ ਜਾ ਸਕਦੀ ਹੈ।