ਅੰਮ੍ਰਿਤਸਰ / ਚੰਡੀਗੜ੍ਹ :
328 ਪਵਿੱਤਰ ਸਰੂਪਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ) ਦੇ ਗਾਇਬ ਹੋਣ ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਵਿੱਚ ਜਾਂਚ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ.ਏ ਅਤੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਐਸ. ਜੀ. ਪੀ. ਸੀ ਦੇ ਸਾਬਕਾ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਅਨੁਸਾਰ, ਕਮਲਜੀਤ ਸਿੰਘ ਨੂੰ ਸ਼ਨੀਵਾਰ ਸਵੇਰੇ ਤਰਨਤਾਰਨ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਲਈ ਸਬੰਧਤ ਥਾਣੇ ਲਿਆਂਦਾ ਗਿਆ ਹੈ। ਮਾਮਲੇ ਸਬੰਧੀ ਹੋਰ ਜਾਂਚ ਜਾਰੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੌਰਾਨ ਕਮਲਜੀਤ ਸਿੰਘ ਦੀ ਭੂਮਿਕਾ ਰਿਕਾਰਡ ਰੱਖ-ਰਖਾਅ, ਪਵਿੱਤਰ ਸਰੂਪਾਂ ਦੀ ਆਵਾਜਾਈ ਅਤੇ ਅੰਦਰੂਨੀ ਪ੍ਰਕਿਰਿਆਵਾਂ ਨਾਲ ਜੁੜੀ ਹੋ ਸਕਦੀ ਹੈ। ਜ਼ਬਤ ਕੀਤੇ ਦਸਤਾਵੇਜ਼ਾਂ, ਡਿਜੀਟਲ ਰਿਕਾਰਡਾਂ ਅਤੇ ਕਾਲ ਡਿਟੇਲ ਰਿਕਾਰਡਾਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ, ਮਾਮਲੇ ਵਿੱਚ ਪਹਿਲਾਂ ਹੀ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਅਤੇ ਰਿਕਾਰਡਾਂ ਦੀ ਭੌਤਿਕ ਤਸਦੀਕ ਜਾਰੀ ਹੈ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਜਾਂਚ ਦੀ ਲੋੜ ਅਨੁਸਾਰ ਹੋਰ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ਨੂੰ ਲੈ ਕੇ ਧਾਰਮਿਕ ਅਤੇ ਸਮਾਜਿਕ ਵਰਗਾਂ ਵਿੱਚ ਗਹਿਰੀ ਚਿੰਤਾ ਵੇਖੀ ਜਾ ਰਹੀ ਹੈ। ਸੰਗਤ ਵੱਲੋਂ ਲਗਾਤਾਰ ਨਿਰਪੱਖ, ਪਾਰਦਰਸ਼ੀ ਅਤੇ ਤੇਜ਼ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
🟦 ਦੱਸਣਾ ਬਣਦਾ ਹੈ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ 2015-2016 ਵਿੱਚ ਐਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਵਿੱਚੋਂ ਗੁੰਮ ਹੋਏ ਸੀ। ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਜਾਂਚ ਕਮੇਟੀ ਨੇ ਰਿਕਾਰਡਾਂ ਦੀ ਪੜਤਾਲ ਦੌਰਾਨ ਇਹ ਖੁਲਾਸਾ ਕੀਤਾ ਸੀ , ਜਦੋਂ ਰਜਿਸਟਰਾਂ ਵਿੱਚ ਦਰਜ ਗਿਣਤੀ ਅਤੇ ਮੌਕੇ 'ਤੇ ਮੌਜੂਦ ਸਰੂਪਾਂ ਵਿੱਚ ਦੀ ਗਿਣਤੀ ਵਿਚ ਅੰਤਰ ਮਿਲਿਆ। ਇਸ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਫੈਲ ਗਿਆਅਤੇ ਸਤਕਾਰ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਚਾਰ ਸਾਲ ਧਰਨਾ ਦਿੱਤਾ।
ਮਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ। ਸ਼ਿਕਾਇਤਾਂ ਅਤੇ ਪਟੀਸ਼ਨਾਂ ਦੇ ਆਧਾਰ ‘ਤੇ ਜਾਂਚ ਦਾ ਦਾਇਰਾ ਵਧਾਇਆ ਗਿਆ, ਜਿਸ ਵਿੱਚ ਰਿਕਾਰਡ ਆਡਿਟ, ਗੋਦਾਮਾਂ ਅਤੇ ਸਥਾਨਾਂ ਦੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਪਰਖ ਸ਼ਾਮਲ ਕੀਤੀ ਗਈ। ਦਸੰਬਰ 2025 ਨੂੰ ਥਾਣਾ ਸੀ ਡਵੀਜ਼ਨ ਵਿੱਚ ਐਫਆਈਆਰ ਨੰਬਰ 168 ਦਰਜ ਹੋਈ, ਜਿਸ ਵਿੱਚ ਐਸਜੀਪੀਸੀ ਦੇ 16 ਕਰਮਚਾਰੀ ਨਾਮਜ਼ਦ ਕੀਤੇ ਗਏ।
ਜਾਂਚ ਦੌਰਾਨ ਸਾਹਮਣੇ ਆਈਆਂ ਕਥਿਤ ਬੇਨਿਯਮੀਆਂ ਤੋਂ ਬਾਅਦ ਸੀਏ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਹੋਈ, ਜਿਸਨੂੰ ਜਾਂਚ ਦੀ ਪਹਿਲੀ ਵੱਡੀ ਕੜੀ ਮੰਨਿਆ ਗਿਆ। ਹੁਣ ਕਮਲਜੀਤ ਸਿੰਘ ਦੀ ਗ੍ਰਿਫ਼ਤਾਰੀ ਨਾਲ ਮਾਮਲਾ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਹੈ।
ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸੰਗਤ ਪਾਰਦਰਸ਼ੀ ਜਾਂਚ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ।