ਚੰਡੀਗੜ੍ਹ, 12 ਜਨਵਰੀ — ਪੰਜਾਬ ਵਿੱਚ ਅੱਜ ਕਈ ਥਾਵਾਂ ’ਤੇ ਟੋਲ ਪਲਾਜ਼ਿਆਂ ਨੂੰ ਪੰਜ ਘੰਟਿਆਂ ਲਈ ਟੋਲ-ਮੁਕਤ ਰੱਖਣ ਦਾ ਐਲਾਨ ਕਰ ਦਿਤਾ ਗਿਆ ਹੈ । ਇਹ ਫ਼ੈਸਲਾ ਕੌਮੀ ਇਨਸਾਫ਼ ਮੋਰਚਾ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਦੇ ਸਬੰਧ ਵਿੱਚ ਦਿੱਤੇ ਐਲਾਨ ਤੋਂ ਬਾਅਦ ਚੁੱਕਿਆ ਗਿਆ। ਮੋਰਚੇ ਦੇ ਸੱਦੇ ’ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕਈ ਟੋਲ ਪਲਾਜ਼ਿਆਂ ’ਤੇ ਵਾਹਨ ਚਾਲਕਾਂ ਤੋਂ ਕੋਈ ਟੋਲ ਫੀਸ ਨਹੀਂ ਵਸੂਲੀ ਗਈ।
ਜਾਣਕਾਰੀ ਮੁਤਾਬਕ ਲੁਧਿਆਣਾ ਨੇੜੇ ਨੀਲੋਂ ਅਤੇ ਸਮਰਾਲਾ ਕੋਲ ਲਾਡੋਵਾਲ਼ ਸਥਿਤ ਸਮੇਤ ਹੋਰ ਕਈ ਟੋਲ ਪਲਾਜ਼ਿਆਂ ’ਤੇ ਮੋਰਚੇ ਦੇ ਸਮਰਥਕ ਮੌਜੂਦ ਰਹੇ। ਇਨ੍ਹਾਂ ਥਾਵਾਂ ’ਤੇ ਟੋਲ ਕਰਮਚਾਰੀਆਂ ਨੂੰ ਫੀਸ ਨਾ ਵਸੂਲਣ ਲਈ ਕਿਹਾ ਗਿਆ ਅਤੇ ਵਾਹਨਾਂ ਨੂੰ ਬਿਨਾਂ ਰੁਕਾਵਟ ਲੰਘਣ ਦਿੱਤਾ ਗਿਆ।
ਕੀ ਹੈ ਪੂਰਾ ਮਾਮਲਾ
ਕੌਮੀ ਇਨਸਾਫ਼ ਮੋਰਚਾ ਦਾ ਕਹਿਣਾ ਹੈ ਕਿ ਕਈ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ। ਇਸ ਦੇ ਵਿਰੋਧ ਵਜੋਂ ਮੋਰਚੇ ਵੱਲੋਂ ਸਰਕਾਰ ’ਤੇ ਦਬਾਅ ਬਣਾਉਣ ਲਈ ਇਹ ਪ੍ਰਤੀਕਾਤਮਕ ਕਦਮ ਚੁੱਕਿਆ ਗਿਆ।
ਪ੍ਰਸ਼ਾਸਨ ਰਿਹਾ ਅਲਰਟ
ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਟੋਲ ਪਲਾਜ਼ਿਆਂ ’ਤੇ ਪੁਲਿਸ ਦੀ ਵਾਧੂ ਤਾਇਨਾਤੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਕਿਤੇ ਵੀ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਦੀ ਸੂਚਨਾ ਨਹੀਂ ਮਿਲੀ ਅਤੇ ਆਵਾਜਾਈ ਸੁਚਾਰੂ ਰਹੀ। ਵੇਰਵਿਆਂ ਅਨੁਸਾਰ
ਇਹ ਟੋਲ-ਫ਼ਰੀ ਕਾਰਵਾਈ ਸਰਕਾਰ ਜਾਂ ਟੋਲ ਅਥਾਰਟੀ ਵੱਲੋਂ ਜਾਰੀ ਕਿਸੇ ਅਧਿਕਾਰਿਕ ਹੁਕਮ ਅਧੀਨ ਨਹੀਂ, ਸਗੋਂ ਪੂਰੀ ਤਰ੍ਹਾਂ ਮੋਰਚੇ ਦੇ ਐਲਾਨ ’ਤੇ ਆਧਾਰਿਤ ਰਹੀ।