ਨੈਨੀਤਾਲ :ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਹਲਦਵਾਨੀ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਅਮਿਤ ਬਿਸ਼ਟ ’ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਮੁਲਜ਼ਮ ਕੌਂਸਲਰ ਨੂੰ ਹਿਰਾਸਤ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਲਦਵਾਨੀ ਦੇ ਪੁਲਿਸ ਸੁਪਰਡੈਂਟ ਮਨੋਜ ਕੁਮਾਰ ਕਰਤਿਆਲ ਅਨੁਸਾਰ, ਇਹ ਘਟਨਾ ਐਤਵਾਰ ਰਾਤ ਕਰੀਬ 11:30 ਵਜੇ ਜੱਜ ਫਾਰਮ ਇਲਾਕੇ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਨਿਤਿਨ ਲੋਹਾਨੀ (22) ਵਜੋਂ ਹੋਈ ਹੈ, ਜੋ ਆਪਣੇ ਦੋਸਤ ਕਮਲ ਭੰਡਾਰੀ ਨਾਲ ਯਾਤਰਾ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਹ ਕੌਂਸਲਰ ਦੇ ਪੁੱਤਰ ਨੂੰ ਮਿਲਣ ਲਈ ਉਸਦੇ ਘਰ ਗਿਆ ਅਤੇ ਦਰਵਾਜ਼ੇ ਦੀ ਘੰਟੀ ਵਜਾਈ।
ਪੁਲਿਸ ਮੁਤਾਬਕ, ਦਰਵਾਜ਼ਾ ਖੁੱਲ੍ਹਦੇ ਹੀ ਕੌਂਸਲਰ ਅਮਿਤ ਬਿਸ਼ਟ ਬਾਹਰ ਆਇਆ ਅਤੇ ਕਥਿਤ ਤੌਰ ’ਤੇ ਨਿਤਿਨ ਲੋਹਾਨੀ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਨਿਤਿਨ ਗੰਭੀਰ ਜ਼ਖਮੀ ਹੋ ਗਿਆ, ਜਦਕਿ ਡਰ ਦੇ ਮਾਰੇ ਉਸਦਾ ਦੋਸਤ ਮੌਕੇ ਤੋਂ ਭੱਜ ਗਿਆ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਤੁਰੰਤ ਡਾ. ਸੁਸ਼ੀਲਾ ਤਿਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਥਿਆਰ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਭਾਜਪਾ ਦੇ ਨੈਨੀਤਾਲ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਬਿਸ਼ਟ ਨੇ ਦੋਸ਼ੀ ਕੌਂਸਲਰ ਅਮਿਤ ਬਿਸ਼ਟ ਨੂੰ ਪਾਰਟੀ ਤੋਂ ਤੁਰੰਤ ਕੱਢਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਿਤ ਬਿਸ਼ਟ ਭਾਜਪਾ ਦੇ ਮੰਡਲ ਉਪ ਪ੍ਰਧਾਨ ਦਾ ਅਹੁਦਾ ਵੀ ਸੰਭਾਲਦਾ ਸੀ।