ਇੰਦਰਪ੍ਰਸਥ ਗੈਸ ਲਿਮਿਟਡ (IGL) ਤੋਂ ਬਾਅਦ ਹੁਣ Adani Total Gas Limited (ATGL) ਨੇ ਵੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਕਈ ਬਾਜ਼ਾਰਾਂ ਵਿੱਚ CNG ਅਤੇ ਪਾਈਪਡ ਨੈਚਰਲ ਗੈਸ (PNG) ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ATGL, ਜੋ ਕਿ ਅਡਾਨੀ ਗਰੁੱਪ ਅਤੇ TotalEnergies ਦਾ ਸਾਂਝਾ ਉੱਦਮ ਹੈ, ਨੇ ਇਹ ਕਟੌਤੀ ਰਸੋਈ ਅਤੇ ਵਾਹਨ ਦੋਹਾਂ ਕਿਸਮਾਂ ਦੀ ਗੈਸ ‘ਤੇ ਕੀਤੀ ਹੈ।
ਕੰਪਨੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਰਸੋਈ ਲਈ ਵਰਤੀ ਜਾਣ ਵਾਲੀ PNG ਦੀ ਕੀਮਤ ਵਿੱਚ 1 ਤੋਂ 2 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਕਟੌਤੀ ਕੀਤੀ ਗਈ ਹੈ, ਜਦਕਿ ਵਾਹਨਾਂ ਲਈ ਵਰਤੀ ਜਾਣ ਵਾਲੀ CNG ਲਗਭਗ 80 ਪੈਸੇ ਪ੍ਰਤੀ ਕਿਲੋਗ੍ਰਾਮ ਸਸਤੀ ਹੋਈ ਹੈ। ਇਹ ਨਵੀਆਂ ਦਰਾਂ ਦਿੱਲੀ-ਐਨਸੀਆਰ, ਅਹਿਮਦਾਬਾਦ, ਖੇੜਾ ਅਤੇ ਗੁਜਰਾਤ ਦੇ ਹੋਰ ਕਈ ਖੇਤਰਾਂ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।
ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਘਟ ਰਹੀਆਂ ਕੀਮਤਾਂ ਅਤੇ ਉਪਭੋਗਤਾਵਾਂ ਨੂੰ ਰਾਹਤ ਦੇਣ ਲਈ ਬਣ ਰਹੇ ਵੱਡੇ ਦਬਾਅ ਦਰਮਿਆਨ ਚੁੱਕਿਆ ਗਿਆ ਹੈ। ATGL ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੰਪਨੀ ਖਪਤਕਾਰਾਂ ਨੂੰ ਕਿਫਾਇਤੀ ਅਤੇ ਵਾਤਾਵਰਣ-ਮਿੱਤਰ ਬਾਲਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ Indraprastha Gas Limited (IGL) ਨੇ ਵੀ CNG ਅਤੇ PNG ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ CNG ਦੀ ਕੀਮਤ ਕਰੀਬ 87 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ PNG ਦੀ ਕੀਮਤ ਲਗਭਗ ਰੁਪਏ 53 ਪ੍ਰਤੀ ਯੂਨਿਟ ਰਹਿ ਗਈ ਸੀ। IGL ਦੇ ਇਸ ਕਦਮ ਤੋਂ ਬਾਅਦ ਹੋਰ ਗੈਸ ਕੰਪਨੀਆਂ ‘ਤੇ ਵੀ ਦਰਾਂ ਘਟਾਉਣ ਦਾ ਦਬਾਅ ਵਧ ਗਿਆ ਸੀ।
ਉਦਯੋਗਿਕ ਸਰੋਤਾਂ ਮੁਤਾਬਕ, Mahanagar Gas Limited (MGL), Guwahati Gas Limited (GGL) ਅਤੇ Hindustan Petroleum Corporation Limited (HPCL) ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ-ਆਪਣੇ ਸੰਚਾਲਨ ਖੇਤਰਾਂ ਵਿੱਚ ਪਹਿਲਾਂ ਹੀ ਦਰਾਂ ਘਟਾ ਦਿੱਤੀਆਂ ਹਨ ਜਾਂ ਅਗਲੇ 24 ਤੋਂ 48 ਘੰਟਿਆਂ ਵਿੱਚ ਕੀਮਤਾਂ ‘ਚ ਕਟੌਤੀ ਦਾ ਐਲਾਨ ਕਰ ਸਕਦੀਆਂ ਹਨ।
ਬਾਜ਼ਾਰ ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਵਿੱਚ CNG ਦੀ ਔਸਤ ਕੀਮਤ 75 ਰੁਪਏ ਤੋਂ 85 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ PNG ਦੀ ਕੀਮਤ ਲਗਭਗ 50 ਰੁਪਏ ਪ੍ਰਤੀ ਯੂਨਿਟ ਤੱਕ ਆ ਸਕਦੀ ਹੈ।