ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2026 ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਯਾਦ-ਪੱਤਰ ਜਾਰੀ ਕੀਤਾ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ, ਅੰਦਰੂਨੀ ਮੁਲਾਂਕਣ ਅਤੇ ਪ੍ਰੋਜੈਕਟ ਕੰਮ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਤੇ ਸਮਾਂ-ਸੀਮਾਵਾਂ ਦੇ ਅੰਦਰ ਹੀ ਪੂਰੇ ਕੀਤੇ ਜਾਣ।
ਸੀਬੀਐਸਈ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਸਾਰੇ ਸੰਬੰਧਤ ਸਕੂਲਾਂ ਨੂੰ ਪ੍ਰੈਕਟੀਕਲਜ਼ ਅਤੇ ਅੰਦਰੂਨੀ ਮੁਲਾਂਕਣ ਸਮੇਂ ਸਿਰ ਕਰਵਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਅੰਕ ਬੋਰਡ ਦੇ ਅਧਿਕਾਰਕ ਪੋਰਟਲ ‘ਤੇ ਬਿਲਕੁਲ ਸਹੀ ਢੰਗ ਨਾਲ ਅਪਲੋਅਡ ਕਰਨੇ ਲਾਜ਼ਮੀ ਹੋਣਗੇ। ਬੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਦੇਰੀ, ਲਾਪਰਵਾਹੀ ਜਾਂ ਗ਼ਲਤ ਵੇਰਵਿਆਂ ਕਾਰਨ ਵਿਦਿਆਰਥੀਆਂ ਦੇ ਨਤੀਜਿਆਂ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ।
ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਅੰਦਰੂਨੀ ਮੁਲਾਂਕਣ ਦੌਰਾਨ ਨਿਰਧਾਰਤ ਸਿਲੇਬਸ, ਮਾਰਕਿੰਗ ਸਕੀਮ ਅਤੇ ਮੁਲਾਂਕਣ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਕਿਸੇ ਵੀ ਵਿਦਿਆਰਥੀ ਨੂੰ ਬਿਨਾਂ ਜਾਇਜ਼ ਕਾਰਨ ਦੇ ਪ੍ਰੈਕਟੀਕਲ ਜਾਂ ਅੰਦਰੂਨੀ ਮੁਲਾਂਕਣ ਵਿੱਚ ਸ਼ਾਮਲ ਹੋਣ ਤੋਂ ਵੰਜਿਤ ਨਹੀਂ ਕੀਤਾ ਜਾ ਸਕਦਾ।
ਸੀਬੀਐਸਈ ਨੇ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਕੂਲਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਪ੍ਰੈਕਟੀਕਲ ਤਰੀਕਾਂ, ਵਿਸ਼ਿਆਂ, ਲੋੜੀਂਦੀ ਸਮੱਗਰੀ ਅਤੇ ਦਸਤਾਵੇਜ਼ਾਂ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨ। ਵਿਦਿਆਰਥੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਪ੍ਰੋਜੈਕਟ ਅਤੇ ਅਸਾਈਨਮੈਂਟ ਨਿਰਧਾਰਤ ਮਿਆਦ ਅੰਦਰ ਜਮ੍ਹਾਂ ਕਰਵਾਉਣ।
ਬੋਰਡ ਨੇ ਦੱਸਿਆ ਕਿ 2026 ਵਿੱਚ ਦੇਸ਼ ਭਰ ਤੋਂ ਲੱਖਾਂ ਵਿਦਿਆਰਥੀ ਸੀਬੀਐਸਈ ਦੀਆਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣਗੇ। ਇਸੇ ਕਾਰਨ ਪ੍ਰੈਕਟੀਕਲ ਅਤੇ ਅੰਦਰੂਨੀ ਮੁਲਾਂਕਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸਮੇਂ ਸਿਰ ਅਤੇ ਨਿਯਮਾਂ ਅਨੁਸਾਰ ਪੂਰਾ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਵਿਵਾਦ ਤੋਂ ਬਚਿਆ ਜਾ ਸਕੇ।